ਨਨਕਾਣਾ ਸਾਹਿਬ 'ਚ ਹਾਲਾਤ ਜਾਣਨ ਲਈ ਸ਼੍ਰੋਮਣੀ ਕਮੇਟੀ ਵਫਦ ਨੂੰ ਪਾਕਿ ਨਹੀਂ ਦੇ ਰਿਹੈ ਵੀਜ਼ਾ

Thursday, Jan 16, 2020 - 10:23 AM (IST)

ਮਾਲੇਰਕੋਟਲਾ (ਜ.ਬ.) : ਪਿਛਲੇ ਦਿਨੀਂ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਉੱਥੋਂ ਦੇ ਸਿੱਖਾਂ ਉਪਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਹਮਲੇ ਪਿੱਛੋਂ ਸਥਿਤੀ ਦਾ ਜਾਇਜ਼ਾ ਲੈਣ ਅਤੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਫਦ ਨੂੰ ਪਾਕਿਸਤਾਨੀ ਦੂਤਾਵਾਸ ਵੱਲੋਂ ਵੀਜ਼ੇ ਨਾ ਦੇਣ ਨੂੰ ਅਫਸੋਸਨਾਕ ਦੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਪਿੱਛੋਂ ਵਿਸ਼ਵ ਭਰ ਅੰਦਰ ਵਸਦੇ ਕਰੋੜਾਂ ਨਾਨਕਲੇਵਾ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਹਰ ਸਿੱਖ ਇਸ ਮਹਾਨ ਅਸਥਾਨ ਦੀ ਮੌਜੂਦਾ ਹਾਲਤ ਅਤੇ ਘਟਨਾ ਦੀ ਸੱਚਾਈ ਜਾਣਨ ਲਈ ਚਿੰਤਾ ਭਰੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਵਿਸ਼ਵ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਿੱਖਾਂ ਦੀ ਅਜਿਹੀ ਇਕੋ ਇਕ ਸਰਬ ਪ੍ਰਵਾਣਿਤ ਸੰਸਥਾ ਹੈ, ਜਿਸ ਕੋਲੋਂ ਦੁਨੀਆ ਭਰ ਦੇ ਸਿੱਖ ਸੱਚਾਈ ਜਾਣਨ ਦੀ ਉਮੀਦ ਰੱਖਦੇ ਹਨ। ਭਾਈ ਲੌਂਗੋਵਾਲ ਨੇ ਦੱਸਿਆ ਕਿ ਵੀਜ਼ੇ ਪ੍ਰਾਪਤ ਕਰਨ ਲਈ ਪਾਕਿਸਤਾਨ ਦੂਤਾਵਾਸ ਤੱਕ ਮੁੜ ਪਹੁੰਚ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਦੇ ਓਕਾਫ ਬੋਰਡ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

PunjabKesari

ਭਾਈ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੇ ਵਫਦ ਨੂੰ ਵੀਜ਼ੇ ਦੇਣ ਲਈ ਫਰਾਖਦਿਲੀ ਵਿਖਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਅੱਜ ਮਾਲੇਰਕੋਟਲਾ ਨੇੜਲੇ ਇਕ ਪੈਲੇਸ 'ਚ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ ਨਾਲ ਇਕ ਪਰਿਵਾਰਕ ਸਮਾਗਮ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ। ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਨਗਰ ਕੀਰਤਨ 'ਚ ਭਾਗ ਲੈ ਰਹੇ ਸਿੱਖਾਂ ਉਪਰ ਯੂ. ਪੀ. ਪੁਲਸ ਵੱਲੋਂ ਦਰਜ ਕੀਤੇ ਮਾਮਲੇ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 3 ਸੰਸਦ ਮੈਂਬਰਾਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜ਼ਰਾਲ ਦਾ ਵਫਦ ਪੀਲੀਭੀਤ ਭੇਜਿਆ ਗਿਆ ਸੀ, ਜਿਸ ਨੇ ਪੀਲੀਭੀਤ ਜ਼ਿਲਾ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਕੇ ਇਹ ਮਾਮਲਾ ਲਗਭਗ ਹੱਲ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਵੱਲੋਂ ਮੀਡੀਆ ਦੇ ਇਕ ਹਿੱਸੇ 'ਚ ਲਾਏ ਜਾ ਰਹੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਹ ਖੁਦ ਇਸ ਮਹਾਨ ਸੰਸਥਾ ਦੇ ਇਕ ਜ਼ਿੰਮੇਵਾਰ ਅਹੁਦੇ 'ਤੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਲੌਂਗੋਵਾਲ ਦੇ ਨਾਲ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਹਰਬੰਸ ਸਿੰਘ ਸ਼ੇਰਪੁਰ ਤੋਂ ਇਲਾਵਾ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਤੇ ਗਰੀਬ ਸਿੰਘ ਰਾਮ ਨਗਰ ਛੰਨਾਂ ਵੀ ਮੌਜੂਦ ਸਨ।


cherry

Content Editor

Related News