ਪਿਆਰ 'ਚ ਧੋਖਾ ਮਿਲਣ 'ਤੇ ਜਨਾਨੀ ਨੇ ਕੀਤੀ ਖੁਦਕੁਸ਼ੀ, ਵੀਡੀਓ 'ਚ ਲਾਏ ਇਹ ਦੋਸ਼

05/26/2020 12:07:55 PM

ਬਠਿੰਡਾ (ਵਰਮਾ): ਪ੍ਰੇਮ ਸਬੰਧ 'ਚ ਧੋਖਾ ਦੇਣ ਅਤੇ ਵਿਆਹ ਤੋਂ ਮੁਕਰਨ ਤੋਂ ਬਾਅਦ 14 ਸਾਲਾ ਬੇਟੀ ਦੀ ਮਾਂ ਨੇ ਜ਼ਹਿਰਿਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ, ਜਦਕਿ ਮਰਨ ਤੋਂ ਪਹਿਲਾਂ ਉਸਨੇ ਬਕਾਇਦਾ ਵੀਡਿਓ ਬਣਾਇਆ ਅਤੇ ਖੁਦਕੁਸ਼ੀ ਦਾ ਕਾਰਨ ਆਪਣੇ ਪ੍ਰੇਮੀ ਨੂੰ ਦੱਸਿਆ। ਜਾਣਕਾਰੀ ਅਨੁਸਾਰ ਕ੍ਰਿਸ਼ਨ ਕਾਲੋਨੀ 'ਚ ਸੋਮਵਾਰ ਨੂੰ ਸਵੇਰੇ ਕਰੀਬ 4 ਵਜੇ ਇਕ ਜਨਾਨੀ ਨੇ ਜ਼ਹਿਰਿਲੀ ਦਵਾਈ ਦਾ ਇਸਤੇਮਾਲ ਕਰਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਪ੍ਰੇਮ ਸਬੰਧ ਅਤੇ ਕਥਿਤ ਤੌਰ 'ਤੇ ਵਿਆਹ ਨਾ ਕਰਨ ਤੋਂ ਬਾਅਦ ਪਰਿਵਾਰ ਨੂੰ ਧੋਖਾ ਦੇਣਾ ਦੱਸਿਆ ਜਾ ਰਿਹਾ ਹੈ। ਇਸ 'ਚ ਮ੍ਰਿਤਕ ਜਨਾਨੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਇਕ ਵੀਡੀਓ ਬਣਾਈ ਜਿਸ 'ਚ ਉਹ ਆਪਣੀ ਮੌਤ ਲਈ ਇਕ ਨੌਜਵਾਨ ਨੂੰ ਜ਼ਿੰਮੇਦਾਰ ਕਹਿ ਰਹੀ ਹੈ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਜਨਾਨੀ ਜਸਵਿੰਦਰ ਕੌਰ ਕ੍ਰਿਸ਼ਨ ਕਾਲੋਨੀ ਬਠਿੰਡਾ 'ਚ ਆਪਣੀ 14 ਸਾਲ ਦੀ ਬੇਟੀ ਨਾਲ ਰਹਿੰਦੀ ਸੀ। ਬੇਟੀ ਦੇ ਮੁਤਾਬਕ ਕਰਸਿਮਰਨ ਸਿੰਘ ਵਾਸੀ ਦੀਪ ਨਗਰ ਉਮਰ ਕਰੀਬ 21 ਸਾਲਾ ਦਾ ਉਨ੍ਹਾਂ ਦੇ ਘਰ ਪਿਛਲੇ ਢੇਡ ਸਾਲ ਤੋਂ ਆਉਣਾ ਜਾਣਾ ਸੀ। ਇਸ ਦੌਰਾਨ ਉਸਦੀ ਮਾਤਾ ਜਸਵਿੰਦਰ ਕੌਰ ਦੇ ਨਾਲ ਪ੍ਰੇਮ ਸਬੰਧ ਸੀ ਅਤੇ ਕੁਝ ਸਮਾਂ ਪਹਿਲਾਂ ਦੋਵਾਂ ਨੇ ਵਰਮਾਲਾ ਇਕ-ਦੂਜੇ ਨੂੰ ਪਾ ਕੇ ਵਿਆਹ ਵੀ ਕਰ ਲਿਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਨੌਜਵਾਨ ਨੇ ਉਸਦੀ ਮਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਹ ਆਪਣੇ ਮਾਪਿਆਂ ਖਿਲਾਫ ਨਹੀਂ ਜਾ ਸਕਦਾ ਹੈ। ਉਥੇ ਹੀ ਨੌਜਵਾਨ ਅਜੇ ਕਾਲਜ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਇਹੀ ਨਹੀਂ ਨੌਜਵਾਨ ਅਤੇ ਔਰਤ ਦੀ ਉਮਰ 'ਚ ਵੀ ਜ਼ਮੀਨ ਆਸਮਾਨ ਦਾ ਫਰਕ ਸੀ।ਇਨ੍ਹਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਸਵੇਰੇ 3 ਵਜੇ ਦੇ ਕਰੀਬ ਘਰ 'ਚ ਰੱਖੀ ਦਵਾਈ ਦਾ ਸੇਵਨ ਕਰ ਲਿਆ ਅਤੇ ਮੋਬਾਇਲ ਫੋਨ 'ਤੇ ਵੀਡੀਓ ਬਣਾ ਕੇ ਆਪਣੀ ਮੌਤ ਲਈ ਦੀਪ ਨਗਰ ਵਾਸੀ ਕਰਸਿਮਰਨ ਸਿੰਘ ਨੂੰ ਜ਼ਿੰਮੇਦਾਰ ਦੱਸਿਆ, ਉਥੇ ਹੀ ਜਨਾਨੀ ਦੀ ਸਵੇਰੇ ਕਰੀਬ 4 ਵਜੇ ਮੌਤ ਹੋ ਗਈ। ਇਸਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਸਵੇਰ ਵੇਲੇ ਨੂੰ ਹੋਈ। ਫਿਲਹਾਲ ਪੁਲਸ ਇਸ ਮਾਮਲੇ 'ਚ ਸਾਰੇ ਪਹਿਲੂਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਖੁਦਕੁਸ਼ੀ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਕਾਨੂੰਨੀ ਕਾਰਵਾਈ ਕਰੇਗੀ। ਮ੍ਰਿਤਕ ਜਨਾਨੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਕੁਝ ਫੋਟੋ ਵੀ ਦਿੱਤੀ ਹੈ ਜਿਸ 'ਚ ਉਕਤ ਨੌਜਵਾਨ ਜਿਥੇ ਪਰਿਵਾਰ ਦੇ ਨਾਲ ਘੁੰਮਦਾ ਦਿਖਾਈ ਦੇ ਰਿਹਾ ਹੈ, ਉਥੇ ਹੀ ਇਕ ਫੋਟੋ 'ਚ ਨੌਜਵਾਨ ਅਤੇ ਮ੍ਰਿਤਕ ਜਨਾਨੀ ਵਿਆਹ ਦੇ ਜੋੜੇ 'ਚ ਦਿਖਾਈ ਦੇ ਰਹੀ ਹੈ। ਮ੍ਰਿਤਕ ਦੀ ਬੇਟੀ ਨੇ ਦੋਵਾਂ ਦੇ ਵਿਆਹ ਦਾ ਖੁਲਾਸਾ ਕਰਦਿਆਂ ਕਿਹਾ ਕਿ ਮੁਲਜ਼ਮ ਪਰਿਵਾਰਕ ਦਬਾਅ ਦੇ ਚਲਦੇ ਮੁਕਰਨ ਲੱਗਾ ਸੀ ਅਤੇ ਉਸਦੀ ਮਾਤਾ ਨੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਵਰਧਮਾਨ ਪ੍ਰਮੁੱਖ ਗਣੇਸ਼ਵਰ ਦੱਤ ਨੇ ਕਿਹਾ ਕਿ ਲੜਕੀ ਦੀ ਸ਼ਿਕਾਇਤ ਅਤੇ ਵੀਡੀਓ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਜੋ ਕਿ ਅਜੇ ਫਰਾਰ ਹੈ ਜਲਦ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Shyna

Content Editor

Related News