ਸਰੂਪਾਂ ਦੇ ਮਾਮਲੇ ''ਚ ਧਰਨਾ ਦੇ ਰਹੀਆਂ ਸਿੱਖ ਜਥੇਬੰਦੀਆਂ ਨੂੰ ਲੌਂਗੋਵਾਲ ਵਲੋਂ ਗੱਲਬਾਤ ਦਾ ਸੱਦਾ
Thursday, Oct 15, 2020 - 06:02 PM (IST)
ਚੀਮਾ ਮੰਡੀ (ਤਰਲੋਚਨ ਗੋਇਲ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਧਰਨੇ ਪ੍ਰਦਰਸ਼ਨ ਕਰ ਰਹੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਮਿਲ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਚੀਮਾ ਮੰਡੀ ਵਿਖੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਧਰਨੇ ਪ੍ਰਦਰਸ਼ਨ ਇਸ ਧਾਰਮਿਕ ਮਸਲੇ ਦਾ ਕੋਈ ਹੱਲ ਨਹੀਂ ਹਨ। ਇਸ ਮਾਮਲੇ ਤੇ ਅਸੀਂ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ ਕਿਉਂਕਿ ਇਹ ਸਿੱਖ ਕੌਮ ਦਾ ਸਾਂਝਾ ਮਸਲਾ ਹੈ।
ਇਹ ਵੀ ਪੜ੍ਹੋ: ਆੜ੍ਹਤੀਆਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਮੀਟਿੰਗ ਦਾ ਕੀਤਾ ਬਾਈਕਾਟ
ਇਸ ਲਈ ਸਾਨੂੰ ਸਭ ਨੂੰ ਮਿਲ ਬੈਠ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ।ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨਾਂ ਦਾ ਦਰਜਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਤੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ 'ਚ ਖੜ੍ਹੀ ਹੈ ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਲੰਮੇ ਸਮੇਂ ਤੋਂ ਤਿੱਖਾ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਮਸਲੇ ਦੇ ਹੱਲ ਲਈ ਬੈਠ ਕੇ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਵਲੋਂ ਦਿੱਲੀ ਬੁਲਾ ਕੇ ਕੀਤੇ ਵਿਵਹਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਸ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਉਦੇ ਸਿੰਘ, ਪੀ.ਏ. ਦਰਸ਼ਨ ਸਿੰਘ, ਜਗਰੂਪ ਸਿੰਘ ਸਾਬਕਾ ਸਰਪੰਚ ਤੋਲਾਵਾਲ, ਬਲਜਿੰਦਰ ਸਿੰਘ ਗੋਰਾਇਆ ਤੋਲਾਵਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ