ਗਲਤ ਢੰਗ ਨਾਲ ਖਾਣਾ-ਪੀਣਾ ਕਰਦੈ ਲਿਵਰ ਨੂੰ ਪ੍ਰਭਾਵਿਤ

10/20/2018 12:05:26 PM

ਮੋਗਾ (ਸੰਦੀਪ)- ਗਲਤ ਢੰਗ ਨਾਲ ਖਾਣਾ-ਪੀਣਾ ਸਿੱਧੇ ਤੌਰ 'ਤੇ ਸਾਡੇ ਲਿਵਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਾਪ੍ਰਵਾਹੀ ਕਰ ਕੇ ਵਿਗੜੀ ਲਿਵਰ ਦੀ ਕਾਰਜਸ਼ੈਲੀ ਪੀਲੀਆ ਦਾ ਸ਼ਿਕਾਰ ਬਣਾ ਦਿੰਦੀ ਹੈ। ਪੀਲੀਆ ਇਕ ਅਜਿਹੀ ਬੀਮਾਰੀ ਹੈ, ਜੋ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਚਾਹੇ ਬੱਚਾ ਹੋਵੇ, ਜਵਾਨ ਜਾਂ ਫਿਰ ਬਜ਼ੁਰਗ। ਇਸ ਲਈ ਉਮਰ ਦੇ ਕਿਸੇ ਵੀ ਪੜਾਅ 'ਤੇ ਆਪਣੀ ਪੌਸ਼ਟਿਕ ਖੁਰਾਕ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਲਿਵਰ ਦਾ ਸਿਸਟਮ ਖਰਾਬ ਹੋਣ ਨਾਲ ਸਰੀਰ 'ਚ ਖੂਨ ਦੇ ਸੰਚਾਰ ਦੀ ਗਤੀ ਸਿੱਧੇ ਤੌਰ 'ਤੇ ਪ੍ਰਭਾਵਿਤ ਹੋ ਜਾਂਦੀ ਹੈ, ਜੋ ਪੀਲੀਏ ਦਾ ਕਾਰਨ ਬਣਦੀ ਹੈ। ਪੀਲੀਆ ਸਰੀਰ ਨੂੰ ਕਮਜ਼ੋਰ ਅਤੇ ਸੁਸਤ ਬਣਾਉਂਦਾ ਹੈ ਕਿਉਂਕੀ ਮਨੁੱਖੀ ਸਰੀਰ 'ਚ ਖੂਨ ਦੀ ਇਕ ਬਹੁਤ ਮੁੱਖ ਭੂਮਿਕਾ ਹੁੰਦੀ ਹੈ ਅਤੇ ਸਰੀਰ ਦੀਆਂ ਨਾੜੀਆਂ ਵਿਚ ਇਸ ਦਾ ਪ੍ਰਵਾਹ ਵੀ ਕੁਦਰਤ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ, ਜਿਸ ਦਾ ਘੱਟ ਜਾਣਾ ਮਨੁੱਖੀ ਸਰੀਰ ਲਈ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਪੀਲੀਆ ਹੋਣ ਦਾ ਇਕ ਹੋਰ ਮੁੱਖ ਕਾਰਨ ਖੂਨ ਵਿਚ ਮੌਜੂਦ ਵਿਲਰੂਬਿਨ ਨਾਂ ਦੇ ਪਦਾਰਥ ਦਾ ਪੱਧਰ ਵਧਣਾ ਵੀ ਹੈ। ਜਦੋਂ ਇਸ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਤਾਂ ਪੀੜਤ ਦੇ ਚਿਹਰੇ, ਅੱਖਾਂ ਵਿਚ ਵੀ ਪੀਲਾਪਨ ਆ ਜਾਂਦਾ ਹੈ। 'ਜਗ ਬਾਣੀ' ਵੱਲੋਂ ਇਸ ਸਬੰਧੀ ਮਾਹਿਰ ਮੋਗਾ ਮੈਡੀਸਿਟੀ ਸੁਪਰਸਪੈਸ਼ਲਿਸਟ ਹਸਪਤਾਲ ਦੇ ਮੈਡੀਸਨ ਸਪੈਸ਼ਲਿਸਟ ਡਾ. ਅਤੁਲ ਸ਼ਰਮਾ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਗਈ।
ਇਹ ਹਨ ਪੀਲੀਏ ਦੇ ਮੁੱਖ ਲੱਛਣ
ਜ਼ਿਆਦਾਤਰ ਤਾਂ ਪੀਲੀਏ ਨਾਲ ਪੀੜਤ ਹੋਣ 'ਤੇ ਕੁਝ ਅਜਿਹੇ ਲੱਛਣ ਹਨ, ਜਿਨ੍ਹਾਂ ਰਾਹੀਂ ਪੀੜਤ ਨੂੰ ਇਹ ਬੀਮਾਰੀ ਹੋਣ ਦਾ ਪਤਾ ਲੱਗ ਜਾਂਦਾ ਹੈ ਪਰ ਕਈ ਵਾਰ ਕੁਝ ਪੀੜਤਾਂ ਵਿਚ ਇਸ ਤਰ੍ਹਾਂ ਦੇ ਲੱਛਣ ਸਾਹਮਣੇ ਨਹੀਂ ਆਉਂਦੇ, ਜਿਸ ਕਰ ਕੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆ ਅਤੇ ਕਰਵਾਏ ਗਏ ਟੈਸਟ ਹੀ ਪੀਲੀਏ ਦੀ ਪੁਸ਼ਟੀ ਕਰਦੇ ਹਨ।
1. ਰੋਗੀ ਦੇ ਪੇਟ ਵਿਚ ਆਮ ਤੌਰ 'ਤੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ।
2. ਪੀੜਤ ਨੂੰ ਬੁਖਾਰ ਹੋਣ ਦੀ ਸਮੱਸਿਆ ਆਉਂਦੀ ਹੈ ਅਤੇ ਸਰੀਰਕ ਥਕਾਵਟ ਵੀ ਮਹਿਸੂਸ ਹੁੰਦੀ ਰਹਿੰਦੀ ਹੈ।
3. ਪੀੜਤ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ। 
4. ਪੀੜਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੀ ਘੇਰ ਲੈਂਦੀ ਹੈ।
5. ਪੀੜਤ ਦੀਆਂ ਅੱਖਾਂ ਅਤੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ।

ਇਹ ਹਨ ਪੀਲੀਆ ਹੋਣ ਦੇ ਕਾਰਨ
1. ਸਭ ਤੋਂ ਪਹਿਲਾਂ ਗਲਤ ਖਾਣਾ-ਪੀਣਾ ਇਸ ਬੀਮਾਰੀ ਦਾ ਮੁੱਖ ਕਾਰਨ ਹੈ।
2. ਕਿਸੇ ਵੀ ਵਿਅਕਤੀ ਦੇ ਸਰੀਰ 'ਚੋਂ ਕਿਸੇ ਦੁਰਘਟਨਾ ਕਰ ਕੇ ਵੱਧ ਖੂਨ ਨਿਕਲ ਜਾਣਾ ਵੀ ਪੀਲੀਏ ਦਾ ਕਾਰਨ ਬਣ ਸਕਦਾ ਹੈ।
3. ਪਾਚਣ ਕਿਰਿਆ ਦਾ ਪ੍ਰਭਾਵਿਤ ਹੋਣਾ ਵੀ ਲਿਵਰ 'ਤੇ ਮਾੜਾ ਅਸਰ ਪਾ ਦਿੰਦਾ ਹੈ, ਜਿਸ ਕਰ ਕੇ ਪੀਲੀਆ ਘੇਰ ਲੈਂਦਾ ਹੈ।
4. ਤੇਜ਼ ਮਿਰਚ ਅਤੇ ਮਸਾਲੇਦਾਰ ਭੋਜਨ ਦੀ ਆਦਤ ਵੀ ਇਸ ਦਾ ਕਾਰਨ ਹੈ।
5. ਕਈ ਮਾਮਲਿਆਂ ਵਿਚ ਪੱਥਰੀ ਦੀ ਸ਼ਿਕਾਇਤ ਵੀ ਪੀਲੀਏ ਦਾ ਕਾਰਨ ਬਣ ਸਕਦੀ ਹੈ।
6. ਜ਼ਿਆਦਾ ਸ਼ਰਾਬ ਜਾਂ ਹੋਰ ਨਸ਼ੇ ਵਾਲੀਆਂ ਵਸਤਾਂ ਦਾ ਸੇਵਨ ਕਰਨਾ ਵੀ ਇਸ ਦਾ ਕਾਰਨ ਬਣ ਸਕਦਾ ਹੈ।
7. ਕਈ ਵਾਰ ਕਿਸੇ ਤਰ੍ਹਾਂ ਦੇ ਕੀਟਾਣੂ ਜਾਂ ਵਾਇਰਲ ਵੀ ਸਰੀਰ ਵਿਚ ਪੀਲੀਆ ਦੀ ਬੀਮਾਰੀ ਫੈਲਾ ਸਕਦੇ ਹਨ।

ਅੰਧ ਵਿਸ਼ਵਾਸ 'ਚ ਪੈਣ ਨਾਲ ਹੋ ਸਕਦੀ ਹੈ ਮਰੀਜ਼ ਦੀ ਹਾਲਤ ਖਰਾਬ
ਪੀਲੀਏ ਦੇ ਇਲਾਜ ਸਬੰਧੀ ਕਈ ਵਾਰ ਲੋਕ ਅੰਧ-ਵਿਸ਼ਵਾਸ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਝਾੜ-ਫੂਕ ਦੇ ਚੱਕਰ ਵਿਚ ਪੈ ਜਾਂਦੇ ਹਨ ਪਰ ਅਜਿਹੇ ਲੋਕ ਇਸ ਗੱਲ ਤੋਂ ਪੂਰੀ ਤਰ੍ਹਾਂ ਅੰਜਾਣ ਹੁੰਦੇ ਹਨ ਕਿ ਉਹ ਇਸ ਤਰ੍ਹਾਂ ਕਰ ਕੇ ਆਪਣੇ ਮਰੀਜ਼ ਦੀ ਕੀਮਤੀ ਜ਼ਿੰਦਗੀ ਨਾਲ ਸਿੱਧੇ ਤੌਰ 'ਤੇ ਖਿਲਵਾੜ ਕਰ ਰਹੇ ਹਨ ਕਿਉਂਕੀ ਅਜਿਹਾ ਕਰਨ ਨਾਲ ਮਰੀਜ਼ ਦੀ ਹਾਲਤ ਹੋਰ ਵਿਗੜ ਜਾਂਦੀ ਹੈ ਅਤੇ ਉਸ ਦਾ ਇਲਾਜ ਕਰਨ ਤੇ ਉਸ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ।

ਖਾਣ-ਪੀਣ ਪ੍ਰਤੀ ਸੁਚੇਤ ਰਹਿਣ ਨਾਲ ਤੰਦਰੁਸਤੀ ਜਲਦੀ ਸੰਭਵ : ਡਾ. ਅਤੁਲ ਸ਼ਰਮਾ
ਪੀਲੀਆ ਦੀ ਮੁੱਢਲੀ ਕੰਡੀਸ਼ਨ ਵਿਚ ਮਰੀਜ਼ ਜੇ ਆਪਣੀ ਖੁਰਾਕ ਮਾਹਿਰਾਂ ਦੀ ਸਲਾਹ ਅਨੁਸਾਰ ਲਵੇਗਾ ਤਾਂ ਉਹ ਜਲਦੀ ਇਸ ਬੀਮਾਰੀ ਤੋਂ ਬਿਲਕੁਲ ਠੀਕ ਹੋ ਸਕਦਾ ਹੈ। ਮੁੱਢਲੇ ਹਾਲਾਤ 'ਚ ਤੰਦਰੁਸਤ ਹੋਣ ਲਈ ਮਰੀਜ਼ ਨੂੰ ਜ਼ਿਆਦਾ ਦਵਾਈ ਨਹੀਂ ਦਿੱਤੀ ਜਾਂਦੀ ਪਰ ਜੇ ਮਰੀਜ਼ ਦੇ ਖੂਨ ਵਿਚ ਇਨਫੈਕਸ਼ਨ ਵੱਧ ਹੋਵੇ ਤਾਂ ਮਜਬੂਰੀਵੱਸ ਡਾਕਟਰ ਨੂੰ ਦਵਾਈਆਂ ਦਾ ਉਸ ਹਿਸਾਬ ਨਾਲ ਇਸਤੇਮਾਲ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਮਿਰਚ, ਮਸਾਲੇਦਾਰ ਭੋਜਨ ਦੀ ਬਜਾਏ ਗੰਨੇ ਦਾ ਰੱਸ, ਨਿੰਬੂ ਪਾਣੀ, ਨਾਰੀਅਲ ਦਾ ਪਾਣੀ, ਮੂੰਗੀ ਦੀ ਦਾਲ ਘੱਟ ਤੋਂ ਘੱਟ ਫੈਟ ਵਾਲਾ ਦੁੱਧ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰ ਵਧੀਆ ਢੰਗ ਨਾਲ ਉਸ ਦੀ ਦੇਖ-ਭਾਲ ਕਰ ਕੇ ਉਸ ਨੂੰ ਜਲਦੀ ਹੀ ਤੰਦਰੁਸਤ ਕਰਨ ਵਿਚ ਡਾਕਟਰ ਦੀ ਮਦਦ ਕਰ ਸਕਦੇ ਹਨ।


Related News