ਠੇਕਿਆਂ ਦੀ ਬਜਾਏ ਕਰਿਆਨੇ ਦੀਆਂ ਦੁਕਾਨਾਂ ਤੋਂ ਮਿਲੇ ਸ਼ਰਾਬ
Saturday, May 09, 2020 - 01:39 AM (IST)
ਫਿਰੋਜ਼ਪੁਰ, (ਭੁੱਲਰ, ਪਰਮਜੀਤ, ਖੁੱਲਰ)– ਸ਼੍ਰੋਮਣੀ ਸ਼ਰਾਬੀ ਦਲ, ਲੋਕ ਚੇਤਨਾ ਮੰਚ ਅਤੇ ਹੋਰ ਅਨੇਕਾਂ ਸਮਾਜ ਭਲਾਈ ਨਾਲ ਜੁੜੇ ਲੋਕਾਂ ਨੇ ਮੰਗ ਕੀਤੀ ਕਿ ਸ਼ਰਾਬ ਠੇਕਿਆਂ ’ਤੇ ਵੇਚਣ ਦੀ ਬਜਾਏ ਕਰਿਆਨੇ ਦੀਆਂ ਦੁਕਾਨਾਂ ਰਾਹੀਂ ਵੇਚੀ ਜਾਵੇ। ਇਸ ਨਾਲ ਜਿੱਥੇ ਮਾਲੀਆ ਵਧੇਗਾ, ਉਥੇ ਸੋਸ਼ਲ ਡਿਸਟੈਂਸਿੰਗ ਦੀ ਸਮੱਸਿਆ ਵੀ ਖੜ੍ਹੀ ਨਹੀਂ ਹੋਵੇਗੀ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਸ. ਡੀ. ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਸ਼ਰਾਬ ਪੀਣ ਦੇ ਸ਼ੌਕੀਨ ਲੋਕ ਇਸ ਸਮੇਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਇੱਥੇ ਸਪੱਸ਼ਟ ਹੈ ਕਿ ਆਉਣ ਵਾਲਾ ਸਮਾਂ ਕਿਸੇ ਵੀ ਤਰ੍ਹਾਂ ਸਪੱਸ਼ਟ ਸੰਕੇਤ ਨਹੀਂ ਦੇ ਰਿਹਾ। ਇਸ ਲਈ ਆਬਕਾਰੀ ਵਿਭਾਗ ਨੂੰ ਨਿਯਮਾਂ ’ਚ ਸੋਧ ਕਰ ਕੇ ਕਰਿਆਨਾ ਵਪਾਰੀਆਂ ਨੂੰ ਇਸਦੇ ਲਾਇਸੰਸ ਜਾਰੀ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਜਿੱਥੇ ਸ਼ਰਾਬ ਦੇ ਪੁਰਾਣੇ ਠੇਕੇਦਾਰ ਮਾਲੀਆ ਭਰਨ ’ਚ ਨੱਖਰੇ ਦਿਖਾ ਰਹੇ ਹਨ, ਇਸ ਵਿਧੀ ਨਾਲ ਤਿੰਨ ਤੋਂ ਪੰਜ ਗੁਣਾ ਮਾਲੀਆ ਵੱਧ ਸਕਦਾ ਹੈ। ਇਸ ਨਾਲ ਸ਼ਰਾਬ ਦੀ ਕਾਲਾਬਾਜ਼ਾਰੀ ਵੀ ਬੰਦ ਹੋਵੇਗੀ ਅਤੇ ਗੁਣਵੱਤਾ ਪ੍ਰਤੀ ਸ਼ੰਕੇ ਵੀ ਦੂਰ ਹੋਣਗੇ। ਇਸ ਮੰਗ ’ਤੇ ਸਵਾਲ ਉਠ ਸਕਦੇ ਹਨ ਕਿ ਇਸ ਤਰ੍ਹਾਂ ਲੋਕ ਸ਼ਰਾਬੀ ਹਾਲਤ ’ਚ ਜਗ੍ਹਾ-ਜਗ੍ਹਾ ਮਿਲਣਗੇ ਪਰ ਇਸਦੇ ਉਲਟ ਪੰਜਾਬ ਦੇ ਕਾਗਜ਼ੀ ਹਾਲਾਤ ਕੁਝ ਵੀ ਰਹੇ ਹੋਣ ਅਸਲੀਅਤ ਇਹੀ ਹੈ ਕਿ ਲੋਕ ਕਾਰਾਂ ’ਚ ਬੈਠ ਕੇ, ਰੇਹੜੀਆਂ ’ਤੇ ਖੜ੍ਹ ਕੇ ਜਾਂ ਫਿਰ ਠੇਕਿਆਂ ਦੀ ਆੜ ’ਚ ਖੁੱਲ੍ਹੇ ਗੈਰ-ਕਾਨੂੰਨੀ ਅਹਾਤਿਆਂ ’ਚ ਸ਼ਰ੍ਹੇਆਮ ਸ਼ਰਾਬ ਪੀਂਦੇ ਰਹੇ ਹਨ।