ਬਿਨ੍ਹਾਂ ਮਨਜ਼ੂਰੀ ਕਾਲੋਨੀ ਕੱਟ ਕੇ ਲੋਕਾਂ ਨੂੰ ਰਗੜਾ ਲਾਉਣ ਵਾਲੇ ਭੂ-ਮਾਫ਼ੀਆ ਨੇ ਸਰਕਾਰ ਨੂੰ ਵੀ ਲਾਇਆ ਰਗੜਾ

Saturday, Jun 14, 2025 - 06:36 PM (IST)

ਬਿਨ੍ਹਾਂ ਮਨਜ਼ੂਰੀ ਕਾਲੋਨੀ ਕੱਟ ਕੇ ਲੋਕਾਂ ਨੂੰ ਰਗੜਾ ਲਾਉਣ ਵਾਲੇ ਭੂ-ਮਾਫ਼ੀਆ ਨੇ ਸਰਕਾਰ ਨੂੰ ਵੀ ਲਾਇਆ ਰਗੜਾ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ)- ਭੂ-ਮਾਫ਼ੀਆ ਕਿਵੇਂ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਚੂਨਾ ਲਾ ਰਿਹਾ ਹੈ। ਇਸ ਸਬੰਧੀ ਹੁਣ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਤੋਂ ਤੱਥ ਸਾਹਮਣੇ ਆਏ ਹਨ। ਮੰਡੀ ਬਰੀਵਾਲਾ ਵਿਖੇ ਬਿਲਕੁਲ ਥਾਣੇ ਦੇ ਸਾਹਮਣੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਰੀਅਲ ਅਸਟੇਟ ਕਾਰੋਬਾਰੀ ਵੱਲੋਂ ਪਹਿਲਾਂ ਤਾਂ ਨਗਰ ਪੰਚਾਇਤ ਬਰੀਵਾਲਾ ਅਤੇ ਹੋਰ ਵਿਭਾਗਾਂ ਦੀਆਂ ਅੱਖਾਂ ਵਿਚ ਘੱਟਾ ਪਾਉਂਦਿਆਂ ਇਕ ਨਾਜਾਇਜ਼ ਕਾਲੋਨੀ ਕੱਟੀ ਗਈ ਅਤੇ ਕਾਲੋਨੀ ਦੇ ਅਗਲੇ ਹਿੱਸੇ ਵਿਚ ਕਮਰਸ਼ੀਅਲ ਸ਼ੋਅਰੂਮਾਂ ਦੀ ਜਗ੍ਹਾ ਕੱਟੀ ਗਈ। 
ਉਹ ਜਗ੍ਹਾ ਜਿੱਥੇ ਪੁਰਾਣਾ ਕਾਰਖਾਨਾ ਸੀ, ਉਸ ਦਾ ਐਗਰੀਮੈਂਟ ਰਾਹੀਂ ਸੌਦਾ ਕਰਕੇ ਇਸ ਨੂੰ ਅੱਗੇ ਵੇਚਣਾ ਸ਼ੁਰੂ ਕਰ ਦਿੱਤਾ ਗਿਆ। ਕਰੀਬ 5 ਏਕੜ ਦੀ ਇਸ ਜਗ੍ਹਾ ਦਾ ਕਾਗਜ਼ੀ ਨਕਸ਼ਾ ਬਣਾ ਕੇ ਜੋ ਕਿ ਕਿਸੇ ਵੀ ਵਿਭਾਗ ਤੋਂ ਪਾਸ ਨਹੀਂ ਸੀ ਅਤੇ ਨਾ ਹੀ ਇਸ ਕਾਲੋਨੀ ਨੂੰ ਪਾਸ ਕਰਵਾਉਣ ਲਈ ਕੋਈ ਅਰਜੀ ਤੱਕ ਦਿੱਤੀ ਗਈ ਬਸ ਭੂ-ਮਾਫ਼ੀਆ ਨੇ ਮਨਮਰਜੀ ਨਾਲ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਣ ਲੱਗਾ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੈਨ

ਇੰਝ ਹੋਈ ਸਰਕਾਰ ਨਾਲ ਠੱਗੀ
ਜਿੱਥੇ ਇਕ ਐਗਰੀਮੈਂਟ ਦੇ ਸਹਾਰੇ ਹੀ ਅੱਗੇ ਲੋਕਾਂ ਨ਼ੂੰ ਇਸ ਕਾਲੋਨੀ ਵਿਚ ਪਲਾਟਾਂ ਅਤੇ ਸ਼ੋਅਰੂਮਾਂ ਦੇ ਸੌਦੇ ਵੇਚਣ ਦਾ ਕੰਮ ਚੱਲਦਾ ਰਿਹਾ, ਉੱਥੇ ਹੀ ਦਸੰਬਰ ਵਿਚ ਇਸ ਕਰੀਬ 5 ਏਕੜ ਜਗ੍ਹਾ ਚੋਂ ਡੇਢ ਏਕੜ ਜਗ੍ਹਾ ਦੀ ਰਜਿਸਟਰੀ ਕਰਵਾਈ ਗਈ। ਲੋਕਾਂ ਨਾਲ ਵੱਡੇ ਪੱਧਰ ਤੇ ਕਥਿਤ ਠੱਗੀ ਮਾਰ ਰਹੇ ਭੂ-ਮਾਫ਼ੀਆ ਨੇ ਇਥੇ ਸਰਕਾਰ ਨੂੰ ਵੀ ਠੱਗਿਆ। ਸਰਕਾਰੀ ਰਿਕਾਰਡ ਮੁਤਾਬਕ ਸਰਕਾਰੀ ਈ-ਸਟੈਂਪ ਸਰਟੀਫਿਕੇਟ ਨੰਬਰ ਆਈ. ਐੱਨ. ਪੀ. ਬੀ 91369275715803 ਡਬਲਿਊ ਤਹਿਤ 23 ਦਸੰਬਰ 2024 ਨੂੰ ਬਰੀਵਾਲਾ ਤਹਿਸੀਲ ਵਿਖੇ ਇਕ ਰਜਿਸਟਰੀ ਐੱਮ. ਐੱਸ. ਸੂਗਨ ਚੰਦ ਭੂਰਾ ਮੱਲ ਐਂਡ ਸੰਨਜ ਬਜਰੀਆ ਪਾਰਟਨਰ ਸ਼ਸ਼ੀ ਕਾਂਤ ਰਾਠੀ ਹਾਲ ਵਾਸੀ ਗੁੜਗਾਓ ਵੱਲੋਂ ਵਿਨੋਦ ਕੁਮਾਰ ਪੁੱਤਰ ਮਨਮੋਹਨ ਲਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਕਰਵਾਈ ਗਈ। 

ਇਸ ਤਰ੍ਹਾਂ ਦੀਆਂ ਕਰੀਬ 3 ਰਜਿਸਟਰੀਆਂ ਕਰਵਾਈਆਂ ਗਈਆਂ, ਜੋਕਿ ਖੇਵਟ ਨੰਬਰ 556 ਖਤੌਨੀ ਨੰਬਰ 673 ਤੋਂ 676 ਤੱਕ ਦੇ ਖਾਤੇ ਵਿਚੋਂ ਕਰਵਾਈਆਂ ਗਈਆਂ। ਸਰਕਾਰੀ ਰਿਕਾਰਡ ਵੇਖੀਏ ਤਾਂ ਸਰਕਾਰੀ ਰਿਕਾਰਡ ਵਿਚ ਵਿਚ ਇਹ ਜਗ੍ਹਾ ਗੈਰ-ਮੁਮਕਿਨ ਕਾਰਖਾਨਾ ਹੈ ਜਣਕਿ ਇਸ ਜਗ੍ਹਾ ਦਾ ਘੱਟ-ਘੱਟ ਕੁਲੈਕਟਰ ਰੇਟ 1 ਕਰੋੜ 92 ਲੱਖ ਰੁਪਏ ਪ੍ਰਤੀ ਏਕੜ ਹੈ ਪਰ ਖ਼ਰੀਦਦਾਰ ਵੱਲੋਂ ਸਰਕਾਰ ਨੂੰ ਕੁੰਡੀ ਲਾਉਂਦਿਆਂ ਇਹ ਜਗ੍ਹਾ ਨਹਿਰੀ ਵਿਚ ਵਿਖਾ ਕੇ 37 ਲੱਖ 95 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਰਜਿਸਟਰੀਆਂ ਕਰਵਾ ਲਈਆਂ ਗਈਆਂ।

ਇਹ ਵੀ ਪੜ੍ਹੋ: ਪੁਲਸ ਛਾਉਣੀ 'ਚ ਤਬਦੀਲ ਹੋਇਆ ਪੰਜਾਬ ਦਾ ਇਹ ਇਲਾਕਾ ! ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਵੱਡੇ ਪੱਧਰ 'ਤੇ ਅਸ਼ਟਾਮ ਚੋਰੀ
ਬਰੀਵਾਲਾ ਤਹਿਸੀਲ ਵਿਖੇ ਹੋਈ ਇਸ ਰਜਿਸਟਰੀ ਜਿਸ 'ਤੇ ਸਰਕਾਰੀ ਕੁਲੈਕਟਰ ਰੇਟ ਮੁਤਾਬਕ 2 ਕਰੋੜ 88 ਲੱਖ ਰੁਪਏ ਅਤੇ ਅਸ਼ਟਾਮ ਫ਼ੀਸ ਲੱਗਣੀ ਸੀ, ਉਸ 'ਤੇ ਸਿਰਫ਼ 56 ਲੱਖ 92 ਹਜ਼ਾਰ ਰੁਪਏ ਦੀ ਅਸ਼ਟਾਮ ਫ਼ੀਸ ਲਗਾ ਕੇ ਬਾਕੀ ਰਗੜਾ ਸਰਕਾਰ ਨੂੰ ਲਾਇਆ ਗਿਆ ਅਤੇ ਅਸ਼ਟਾਮ ਫੀਸ ਦੀ ਚੋਰੀ ਕਰ ਲਈ ਗਈ। ਜੇਕਰ ਅੰਕੜਿਆਂ ਮੁਤਾਬਕ ਵੇਖੀਏ ਤਾਂ 2 ਕਰੋੜ 88 ਲੱਖ ਰੁਪਏ ਅਤੇ ਕਰੀਬ 23 ਲੱਖ 80 ਹਜ਼ਾਰ ਰੁਪਏ ਅਸ਼ਟਾਮ ਫ਼ੀਸ ਲੱਗਣੀ ਸੀ ਜਦਕਿ 56 ਲੱਖ 92 ਹਜ਼ਾਰ ਰੁਪਏ ਦੇ ਹਿਸਾਬ ਨਾਲ ਕਰੀਬ 5 ਲੱਖ ਰੁਪਏ ਦੀ ਅਸ਼ਟਾਮ ਫ਼ੀਸ ਲਗਾ ਕੇ ਸਰਕਾਰ ਨੂੰ ਕਰੀਬ 18 ਲੱਖ ਰੁਪਏ ਦਾ ਚੂਨਾ ਲਾ ਦਿੱਤਾ ਗਿਆ। ਇਹ ਸਭ ਕਿਸ ਤਰ੍ਹਾਂ ਹੋਇਆ ਇਸ ਸਬੰਧੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।

ਕੀ ਕਹਿੰਦੇ ਹਨ ਮੌਕੇ ਦੇ ਤਹਿਸੀਲਦਾਰ
ਇਹ ਰਜਿਸਟਰੀ ਉਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਰਣਜੀਤ ਸਿੰਘ ਖਹਿਰਾ ਵੱਲੋਂ ਕੀਤੀ ਗਈ। ਦੱਸ ਦੇਈਏ ਕਿ ਜਦ ਇਹ ਰਜਿਸਟਰੀ ਹੋਈ ਉਹ ਦੋ ਦਿਨ ਬਰੀਵਾਲਾ ਦੇ ਨੈਬ ਤਹਿਸੀਲਦਾਰ ਛੁੱਟੀ 'ਤੇ ਸਨ ਅਤੇ ਰਣਜੀਤ ਸਿੰਘ ਖਹਿਰਾ ਦੀ ਡਿਊਟੀ ਬਰੀਵਾਲਾ ਤਹਿਸੀਲ ਵਿਖੇ ਲਗਾਈ ਗਈ ਸੀ। ਖਹਿਰਾ ਨਾਲ ਜਦ ਇਸ ਮਾਮਲੇ ਸਬੰਧੀ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸੇ ਜਗ੍ਹਾ ਨੇੜੇ ਨਹਿਰੀ ਜਮੀਨ ਵੀ ਪੈਂਦੀ ਹੈ ਅਤੇ ਖਰੀਦਦਾਰ ਵੱਲੋਂ ਇਸ ਤਰ੍ਹਾਂ ਧੋਖਾਧੜੀ ਕਰਕੇ ਇਹ ਰਜਿਸਟਰੀ ਕਰਵਾ ਲਈ ਗਈ। ਖਹਿਰਾ ਨੇ ਮੰਨਿਆ ਕਿ ਇਸ ਰਜਿਸਟਰੀ ਰਾਹੀ ਸਰਕਾਰੀ ਅਸ਼ਟਾਮ ਫ਼ੀਸ ਦੀ ਚੋਰੀ ਹੋਈ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਛੁੱਟੀਆਂ, ਇਹ ਸਾਰਾ ਕੁਝ ਰਹੇਗਾ ਬੰਦ

ਕੀ ਕਹਿੰਦਾ ਹੈ ਖ਼ਰੀਦਦਾਰ
ਜਦ ਇਸ ਮਾਮਲੇ ਵਿਚ ਖ਼ਰੀਦਦਾਰ ਵਿਨੋਦ ਕੁਮਾਰ ਉਰਫ਼ ਲਵਲੀ ਚੁਚਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੀ ਰਜਿਸਟਰੀ ਉਸ ਸਮੇਂ ਤਹਿਸੀਲਦਾਰ ਵੱਲੋਂ ਕੀਤੀ ਗਈ ਅਤੇ ਇਹ ਸਭ ਕੁਝ ਵਿਭਾਗੀ ਅਧਿਕਾਰੀਆਂ ਨੇ ਹੀ ਚੈਕ ਕਰਨਾ ਸੀ।

ਚਰਚਾਵਾਂ ਵਿਚ ਰਜਿਸਟਰੀ ਦੀ ਕਹਾਣੀ
ਇਹ ਰਜਿਸਟਰੀ ਸਬੰਧੀ ਚਰਚਾਵਾਂ ਦਾ ਬਜ਼ਾਰ ਵੀ ਗਰਮ ਹੈ। ਹੁਣ ਜਦ ਇਸ ਕਾਲੋਨੀ ਦੇ ਪੰਜ ਏਕੜ ਵਿਚੋਂ ਕਰੀਬ ਡੇਢ ਏਕੜ ਦੀ ਰਜਿਸਟਰੀ ਕਰਵਾਈ ਗਈ ਹੈ ਤਾਂ ਇਸ ਦੇ ਤੱਥ ਸਾਹਮਣੇ ਆਉਣ 'ਤੇ ਇਹ ਚਰਚਾਵਾਂ ਜ਼ੋਰਾਂ 'ਤੇ ਹਨ ਕਿ ਇਸ ਸਾਰੇ ਕਾਰੇ ਵਿਚ ਉਸ ਸਮੇਂ ਦੇ ਜ਼ਿਲ੍ਹਾ ਪੱਧਰ ਦੇ ਉੱਚ ਅਧਿਕਾਰੀ ਦੀ ਸ਼ਮੂਲੀਅਤ ਸੀ ਅਤੇ ਉਸ ਉੱਚ ਅਧਿਕਾਰੀ ਦੇ ਕਹਿਣ 'ਤੇ ਹੀ ਉਸ ਸਮੇਂ ਬਰੀਵਾਲਾ ਦੇ ਨੈਬ ਤਹਿਸੀਲਦਾਰ ਛੁੱਟੀ 'ਤੇ ਗਏ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨੈਬ ਤਹਿਸੀਲਦਾਰ ਦੀ ਡਿਊਟੀ ਅਜਿਹੀ ਰਜਿਸਟਰੀ ਕਰਨ 'ਤੇ ਲਾਈ ਗਈ। ਇਹ ਤਾਂ ਹੁਣ ਜਾਂਚ ਦੌਰਾਨ ਹੀ ਸਾਹਮਣੇ ਆ ਸਕਦਾ ਹੈ ਕਿ ਇਨ੍ਹਾਂ ਚਰਚਾਵਾਂ ਵਿਚ ਕਿੰਨੀ ਕੁ ਸੱਚਾਈ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਦੀ ਹੁਣ ਖੈਰ ਨਹੀਂ! ਸ਼ੁਰੂ ਹੋਣ ਜਾ ਰਿਹੈ ਨਵਾਂ ਸਿਸਟਮ, ਹੁਣ ਕੀਤੀ ਇਹ ਗਲਤੀ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News