ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

Thursday, Jul 17, 2025 - 04:50 PM (IST)

ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

ਫ਼ਰੀਦਕੋਟ (ਰਾਜਨ) : ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖ਼ਿਲਾਫ ਕਾਰਵਾਈ ਕਰਦਿਆਂ ਸੀ.ਆਈ.ਏ ਸਟਾਫ ਫ਼ਰੀਦਕੋਟ ਨੇ ਫਾਰਚਿਊਨਰ ਗੱਡੀ ਦੀ ਵਰਤੋਂ ਕਰਕੇ ਨਸ਼ਾ ਤਸਕਰੀ ਕਰਨ ਵਾਲੇ 3 ਦੋਸ਼ੀਆਂ ਨੂੰ 50 ਗ੍ਰਾਮ ਹੈਰੋਇਨ ਅਤੇ ਫਾਰਚੂਨਰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਤਰਲੋਚਨ ਸਿੰਘ ਡੀ.ਐੱਸ.ਪੀ (ਸ:ਡ) ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿਚੋਂ ਨਿਰੰਜਣ ਸਿੰਘ ਉਰਫ ਨੀਟਾ ਅਤੇ ਮਨਦੀਪ ਸਿੰਘ ਉਰਫ ਕਬੂਤਰ ਜੋ ਕਿ ਕੰਮੇਆਣਾ ਪਿੰਡ ਦੇ ਨਿਵਾਸੀ ਹਨ ਅਤੇ ਤੀਜਾ ਵਿਅਕਤੀ ਪ੍ਰਦੀਪ ਸਿੰਘ ਉਰਫ ਸਨੀ ਮੋਟਾ ਫਰੀਦਕੋਟ ਨਾਲ ਸਬੰਧਤ ਹੈ। 

ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫ਼ਰੀਦਕੋਟ ਦੀ ਨਿਗਰਾਨੀ ਹੇਠ ਥਾਣੇਦਾਰ ਚਰਨਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਕੰਮੇਆਣਾ ਤੋਂ ਨਵੇ ਕਿਲੇ ਨੂੰ ਜਾ ਰਹੇ ਸੀ ਤਾਂ ਇਕ ਫਾਰਚੂਨਰ ਗੱਡੀ ਰੰਗ ਚਿੱਟਾ ਨੰਬਰ ਪੀ.ਬੀ 29-ਟੀ-0019 ਸ਼ਮਸ਼ਾਨ ਘਾਟ ਦੇ ਗੇਟ ਕੋਲ ਸ਼ੱਕੀ ਹਾਲਤ ਵਿਚ ਖੜੀ ਦਿਖਾਈ ਦਿੱਤੀ ਜਿਸ ਵਿਚ 3 ਨੌਜਵਾਨ ਬੈਠੇ ਸਨ। ਜਦ ਇਹ ਵਿਅਕਤੀ ਪੁਲਸ ਦੀ ਗੱਡੀ ਦੇਖ ਕੇ ਘਬਰਾ ਕੇ ਗੱਡੀ ਨੂੰ ਤੋਰਨ ਲੱਗੇ ਤਾਂ ਪੁਲਸ ਨੇ ਗੱਡੀ ਰੋਕ ਕੇ ਤਲਾਸ਼ੀ ਕੀਤੀ ਤਾਂ ਉਨ੍ਹਾਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਖਿਲਾਫ ਪਹਿਲਾਂ ਵੀ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ 8 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਸਕੇ। 


author

Gurminder Singh

Content Editor

Related News