ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

Saturday, Nov 02, 2024 - 07:03 PM (IST)

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਚੰਡੀਗੜ੍ਹ- ਰਾਸ਼ਟਰੀ ਪੱਧਰ ਦੀਆਂ 31 ਸਿੱਖ ਸੰਸਥਾਵਾਂ ਦੀ ਗਲੋਬਲ ਕਨਫੈਡਰੇਸ਼ਨ, ਗਲੋਬਲ ਸਿੱਖ ਕੌਂਸਲ (ਜੀ.ਐੱਸ.ਸੀ.) ਵੱਲੋਂ ਆਪਣੀ 11ਵੀਂ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐੱਮ.) ਲੰਡਨ, ਯੂ.ਕੇ. ਵਿੱਚ ਆਯੋਜਿਤ ਕੀਤੀ ਗਈ। ਇਸ ਚੋਣ ਮੀਟਿੰਗ ਦੌਰਾਨ ਕੌਂਸਲ ਵਿੱਚ ਨਿਰੰਤਰ ਵਚਨਬੱਧਤਾ ਅਤੇ ਸੁਚੱਜੀ ਅਗਵਾਈ ਨੂੰ ਧਿਆਨ ਵਿੱਚ ਰੱਖਦਿਆਂ ਲੇਡੀ ਸਿੰਘ ਕੰਵਲਜੀਤ ਕੌਰ ਨੂੰ ਸਰਬਸੰਮਤੀ ਨਾਲ ਮੁੜ ਅਗਲੇ ਦੋ ਸਾਲ ਦੇ ਕਾਰਜਕਾਲ ਲਈ ਪ੍ਰਧਾਨ ਚੁਣਿਆ ਗਿਆ ਹੈ।

ਚੋਣ ਪ੍ਰਕਿਰਿਆ ਨੂੰ ਚਲਾਉਣ ਲਈ ਇੰਡੋਨੇਸ਼ੀਆ ਦੇ ਡਾ: ਕਰਮਿੰਦਰ ਸਿੰਘ ਢਿੱਲੋਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਨਾਮਜ਼ਦ ਕੀਤਾ ਗਿਆ। ਮੀਟਿੰਗ ਦੌਰਾਨ ਹਰਜੀਤ ਸਿੰਘ ਗਰੇਵਾਲ ਨੂੰ ਸਕੱਤਰ ਅਤੇ ਹਰਸਰਨ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਅਮਰੀਕਾ ਤੋਂ ਪਰਮਜੀਤ ਸਿੰਘ ਬੇਦੀ ਅਤੇ ਭਾਰਤ ਤੋਂ ਰਾਮ ਸਿੰਘ ਰਾਠੌਰ ਨੂੰ ਉਪ ਪ੍ਰਧਾਨ ਚੁਣਿਆ ਗਿਆ।

PunjabKesari

ਇਸ ਮੌਕੇ ਜੀ.ਐੱਸ.ਸੀ. ਵੱਲੋਂ ਆਪਣੀ ਕਾਰਜਕਾਰੀ ਕਮੇਟੀ ਦੀ ਚੋਣ ਵੀ ਕੀਤੀ ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਨੇਤਾਵਾਂ ਦੀ ਨਿਯੁਕਤੀ ਕੀਤੀ ਗਈ। ਮਲੇਸ਼ੀਆ ਤੋਂ ਜਗੀਰ ਸਿੰਘ, ਬਰਤਾਨੀਆ ਤੋਂ ਸਤਨਾਮ ਸਿੰਘ ਪੂਨੀਆ, ਫਰਾਂਸ ਤੋਂ ਗੁਰਦਿਆਲ ਸਿੰਘ, ਨੇਪਾਲ ਤੋਂ ਕਿਰਨਦੀਪ ਕੌਰ ਸੰਧੂ ਅਤੇ ਆਸਟ੍ਰੇਲੀਆ ਤੋਂ ਹਰਬੀਰ ਪਾਲ ਸਿੰਘ ਭਾਟੀਆ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ। ਲਾਰਡ ਇੰਦਰਜੀਤ ਸਿੰਘ ਸਲਾਹਕਾਰ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਉਂਦੇ ਹੋਏ ਸੰਸਥਾ ਨੂੰ ਆਪਣਾ ਤਜਰਬਾ ਅਤੇ ਮਾਰਗਦਰਸ਼ਨ ਦਿੰਦੇ ਰਹਿਣਗੇ।

ਇੱਕ ਸੰਯੁਕਤ ਆਲਮੀ ਸਿੱਖ ਪਛਾਣ ਨੂੰ ਉਤਸ਼ਾਹਿਤ ਕਰਨ ਲਈ ਕੌਂਸਲ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਇਸ ਮੀਟਿੰਗ ਦੌਰਾਨ ਅਗਲੇ ਸਾਲਾਂ ਵਿੱਚ ਜੀ.ਐੱਸ.ਸੀ. ਦੀ ਪਹੁੰਚ ਨੂੰ 30 ਹੋਰ ਦੇਸ਼ਾਂ ਵਿੱਚ ਵਧਾਉਣ ਦਾ ਸੰਕਲਪ ਲਿਆ ਹੈ ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ਦੀ ਬਿਹਤਰੀ ਲਈ ਕੌਂਸਲ ਵੱਲੋਂ ਕਾਰਜ ਕੀਤੇ ਜਾਣਗੇ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਿੱਖਿਆਵਾਂ ਅਤੇ 1945 ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਅਨੁਕੂਲ ਕਦਰਾਂ-ਕੀਮਤਾਂ ਅਤੇ ਨੀਤੀਆਂ ਨੂੰ ਉਤਸ਼ਾਹਿਤ ਕਰਨ, ਪ੍ਰਚਾਰ ਕਰਨ ਅਤੇ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਵਿਸ਼ਵ ਭਰ ਦੀਆਂ ਰਾਸ਼ਟਰੀ ਸਿੱਖ ਸੰਸਥਾਵਾਂ ਦੇ ਗੱਠਜੋੜ ਵਜੋਂ ਜੀ.ਐੱਸ.ਸੀ. ਦਾ ਗਠਨ ਸਾਲ 2014 ਵਿੱਚ ਆਸਟ੍ਰੇਲੀਆ ਵਿਖੇ ਹੋਈ ਪਹਿਲੀ ਏ.ਜੀ.ਐੱਮ. ਦੌਰਾਨ ਕੀਤਾ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News