ਹਰ ਪਾਸਿਓਂ ਕਿਸਾਨ ਨੂੰ ਮਾਰ ; ਧਰਤੀ ’ਤੇ ਵਿਛ ਗੲੀ ਫਸਲ

Sunday, Sep 30, 2018 - 06:25 AM (IST)

ਹਰ ਪਾਸਿਓਂ ਕਿਸਾਨ ਨੂੰ ਮਾਰ ; ਧਰਤੀ ’ਤੇ ਵਿਛ ਗੲੀ ਫਸਲ

ਪਟਿਆਲਾ, (ਮਨਦੀਪ ਜੋਸਨ, ਲਖਵਿੰਦਰ)- ਬੀਤੇ ਦਿਨੀਂ ਪਏ  ਮੀਂਹਾਂ ਦਾ ਮਾਰੂ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ।  ਮੀਂਹਾਂ ਕਾਰਨ ਪਾਣੀ ਦੀ ਲਪੇਟ  ’ਚ  ਆਉਣ ਨਾਲ ਤਬਾਹ ਹੋਈ ਕਿਸਾਨਾਂ ਦੀ ਫਸਲ ’ਤੇ ਹੁਣ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੇ ਹਮਲਾ ਕਰ ਦਿੱਤਾ ਹੈ ਜਿਸ ਤੋਂ ਕਿਸਾਨ ਪੂਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਹੈ।  
ਇਸ ਕੁਦਰਤੀ ਆਫਤ ਕਾਰਨ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਧਰਤੀ  ’ਤੇ ਵਿਛ ਗਈ ਤੇ ਪਾਣੀ ਕਈ ਦਿਨ ਫਸਲਾਂ ’ਚੋਂ ਨਾ ਨਿਕਲਣ ਕਾਰਨ ਝੋਨੇ ਦੀ ਫਸਲ ’ਤੇ ਹੁਣ ਕਾਲੇ ਤੇਲੇ ਤੇ ਉੱਲੀ ਦੀ ਬੀਮਾਰੀ ਨੇ ਹਮਲਾ ਕਰ ਦਿੱਤਾ ਹੈ। ਕਈ  ਖੇਤਰਾਂ ਵਿਚ ਝੋਨੇ ਦੀਆਂ ਜਡ਼੍ਹਾਂ ਪੀਲੀਆਂ ਪੈ ਗਈਆਂ ਹਨ ਤੇ ਕਿਸਾਨ ਹਾਲੋ-ਬੇਹਾਲ ਹੈ । 
 ®ਪਟਿਆਲਾ ਜ਼ਿਲੇ ਵਿਚ ਪੈਂਦੇ ਘੱਗਰ, ਮੀਰਾਪੁਰ ਚੋਅ ਦੇ ਆਲੇ-ਦੁਆਲੇ ਤਾਂ ਕਿਸਾਨਾਂ ਦਾ ਬਹੁਤ ਹੀ ਨੁਕਸਾਨ ਹੋਇਆ ਹੈ ਤੇ ਇਹ  ਅਜੇ ਵੀ ਜਾਰੀ ਹੈ ਕਿਉਂਕਿ ਘੱਗਰ ਤੇ ਇਸ ਚੋਅ ਵਿਚ ਪਾਣੀ ਦਾ ਵਹਾਅ ਅਜੇ ਵੀ ਜਾਰੀ ਹੈ। 
ਕਿਸਾਨ ਇਸ ਮੌਕੇ ਟਿਲਟ ਦਵਾਈ ਦੀ ਵਰਤੋਂ ਕਰਨ : ਅਰਵਿੰਦਰ ਸਿੰਘ 
 ਜ਼ਿਲਾ ਪਟਿਆਲਾ ਦੇ ਖੇਤੀਬਾਡ਼ੀ ਅਫਸਰ ਅਰਵਿੰਦਰ ਸਿੰਘ ਨਾਲ ਜਦੋਂ ਰਾਬਤਾ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚਲਦਾ । ਇਨ੍ਹਾਂ ਬੀਮਾਰੀਆਂ ਦਾ ਮੁਕਾਬਲਾ ਕਰਨ ਲਈ ਕਿਸਾਨ ਨੂੰ ਟਿਲਟ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 200 ਲਿਟਰ ਪਾਣੀ ਵਿਚ ਇਹ ਦਵਾਈ ਸਿਰਫ 200 ਐੱਮ. ਐੱਲ.  ਮਿਲਾਉਣੀ ਹੈ ਤੇ ਫਿਰ ਇਸ ਦੀ ਸਪਰੇਅ ਕਰਨੀ ਹੈ।
1500 ਦੀ ਥਾਂ 8000 ਰੁਪਏ ਪ੍ਰਤੀ ਕਿੱਲੇ ਪਿੱਛੇ ਲੇਬਰ ਪਵੇਗੀ ਕਿਸਾਨਾਂ ਨੂੰ ਮਹਿੰਗੀ
 ਕਿਸਾਨਾਂ ਨੂੰ ਝੋਨੇ ਦੀ ਕਟਾਈ ਦੀ ਆਮ ਲੇਬਰ 1500 ਰੁਪਏ ਪ੍ਰਤੀ ਕਿਲੋ ਪੈਂਦੀ ਹੈ ਪਰ ਝੋਨੇ ਦੀ ਫਸਲ ਡਿੱਗਣ ਨਾਲ ਹੁਣ ਇਹ ਲੇਬਰ 8000 ਰੁਪਏ ਪ੍ਰਤੀ ਕਿਲੋ ਤੱਕ ਪਵੇਗੀ । ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਪੂਰੀ ਤਰ੍ਹਾਂ ਵਿੱਛ ਚੁੱਕੀ ਹੈ ਤੇ ਇਸ ਦਾ ਦਾਣਾ ਵੀ ਖਰਾਬ ਹੋ ਰਿਹਾ ਹੈ। ਇਸ ਲਈ ਇਸ ਨੂੰ ਹੁਣ ਕੰਬਾੲੀਨ ਦੀ ਥਾਂ ਲੇਬਰ ਤੋਂ ਕਟਾਉਣਾ ਪਵੇਗਾ ਜਿਸ ਕਾਰਨ ਇਸ ਫਸਲ ਦੀ ਕਟਾਈ ਬਹੁਤ ਮਹਿੰਗੀ ਪਵੇਗੀ ਤੇ ਇਸ ਦਾ ਸਰਕਾਰ ਵੀ ਪੂਰਾ ਰੇਟ ਨਹੀਂ ਦੇਵੇਗੀ । 
 ਕਿਸਾਨਾਂ ਨੂੰ ਬਚਾਉਣਾ ਸਮੇਂ ਦੀ ਲੋਡ਼  : ਹਰਭਜਨ ਚੱਠਾ
 ਇਲਾਕੇ ਦੇ ਸਿਰਕੱਢ ਕਿਸਾਨ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਚੱਠਾ ਨੇ ਕਿਹਾ ਕਿ ਸਾਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਬਚਾਉਣਾ ਅੱਜ ਸਮੇਂ ਦੀ ਮੁੱਖ ਲੋਡ਼ ਹੈ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ ਕਾਰਨ ਹਾਹਕਾਰ ਮਚੀ ਪਈ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਕਿਸਾਨ ਨੂੰ ਰਾਹਤ ਦੇਵੇ। 
ਕੁਦਰਤੀ ਆਫਤਾਂ ਤੋਂ ਬਚਾਅ ਲਈ ਸਰਕਾਰਾਂ ਕੋਲ ਕੋਈ ਨੀਤੀ ਨਹੀ : ਸਤਿਨਾਮ ਬਹਿਰੂ
 ਇੰਡੀਅਨ ਫਾਰਮਰਜ਼ ਐਸੋਸੀਏਸਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਨੇ ਕਿਹਾ ਕਿ ਸਾਡੇ ਲਈ ਬੇਹੱਦ ਮੰਦਭਾਗੀ ਗੱਲ ਹੈ ਕਿ ਦੇਸ਼ ਦੀ ਅਾਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਜਾਂ ਕੇਂਦਰ ਸਰਕਾਰ ਕਿਸਾਨਾਂ ’ਤੇ ਆਉਂਦੀ ਕੁਦਰਤੀ ਆਫਤ ਲਈ ਕੋਈ ਵੀ ਠੋਸ ਨੀਤੀ ਨਹੀਂ ਬਣਾ ਸਕੀ । ਉਨ੍ਹਾਂ ਕਿਹਾ ਕਿ ਸਰਕਾਰ ਜੇਕਰ 100 ਫੀਸਦੀ ਨੁਕਸਾਨ ਹੋਵੇ ਤਾਂ 12,000 ਰੁਪਏ ਪ੍ਰਤੀ ਕਿੱਲਾ ਦਿੰਦੀ ਹੈ ਜਦੋਂ ਕਿ ਕਿਸਾਨ ਦਾ ਪ੍ਰਤੀ ਕਿੱਲਾ ਖਰਚਾ ਹੀ 40,000  ਰੁਪਏ ਆਉਂਦਾ ਹੈ। ਉਨ੍ਹਾਂ ਕਿਹਾ ਕਿ ਦਾਣਾ ਅੱਜ ਕੁਦਰਤੀ ਆਫਤ ਨਾਲ ਪੂਰੀ ਤਰ੍ਹਾਂ ਖਰਾਬ ਹੈ ਇਸ ਕਾਰਨ ਸਰਕਾਰ ਨੂੰ ਤੁਰੰਤ ਹੀ 40,000 ਰੁਪਏ ਪ੍ਰਤੀ ਕਿਲਾ  ਕਿਸਾਨ ਨੂੰ ਰਾਹਤ ਦੇਣੀ ਚਾਹੀਦੀ ਹੈ। 

 


Related News