ਜਲਾਲਾਬਾਦ 'ਚ ਨਹੀਂ ਰੁਕ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ, ਸਵਾਲਾਂ ਦੇ ਘੇਰੇ 'ਚ ਪੁਲਸ ਪ੍ਰਸ਼ਾਸ਼ਨ
Thursday, Nov 19, 2020 - 06:18 PM (IST)
ਜਲਾਲਾਬਾਦ (ਸੇਤੀਆ): ਇਲਾਕੇ ਅੰਦਰ ਲਗਾਤਾਰ ਵੱਧ ਰਹੀਆਂ ਚੋਰੀ, ਕਤਲ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੇ ਅਮਨ ਪਸੰਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਇਹ ਗੱਲ ਵਰਤਮਾਨ ਸਮੇਂ ਅੰਦਰ ਸ਼ਹਿਰ ਦੇ ਕੋਨੇ-ਕੋਨੇ 'ਚ ਆਮ ਲੋਕਾਂ ਅੰਦਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿ ਗੁੰਡਾ ਅਨਸਰਾਂ ਦੇ ਹੌਂਸਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਗੁੰਡਾ ਅਨਸਰ ਘਰਾਂ 'ਚ ਹੀ ਦਾਖ਼ਲ ਹੋ ਕੇ ਲੁੱਟ-ਖੋਹ ਅਤੇ ਕਤਲ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਹਨ। ਸਵਾਲ ਹੈ ਕਿ ਆਖ਼ਿਰਕਾਰ ਜਲਾਲਾਬਾਦ ਸਿਟੀ ਪੁਲਸ ਦਾ ਧਿਆਨ ਕਿਧਰ ਹੈ? ਬੁੱਧਵਾਰ ਨੂੰ ਗੋਬਿੰਦ ਨਗਰੀ 'ਚ ਸ਼ਰੇਆਮ ਲੁੱਟਖੋਹ ਦੀ ਵਾਪਰੀ ਘਟਨਾ ਨੇ ਫਿਰ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਬੰਧੀ ਸ਼ਹਿਰ ਦੇ ਅਮਨਪਸੰਦ ਲੋਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਬੰਧੀ ਡੇਅਰੀ ਯੂਨੀਅਨ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਸੁਖੀਜਾ ਦਾ ਕਹਿਣਾ ਹੈ ਕਿ ਲਗਾਤਾਰ ਸ਼ਹਿਰ 'ਚ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਤੇ ਗੋਬਿੰਦ ਨਗਰੀ 'ਚ ਜਿਸ ਤਰ੍ਹਾਂ ਬਗੈਰ ਮੂੰਹ ਢਕੇ ਗੁੰਡਾ ਅਨਸਰ ਵਲੋਂ ਘਰ ਅੰਦਰ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਲੁੱਟ ਕੀਤੀ ਗਈ, ਜੇਕਰ ਪਰਿਵਾਰ ਵਲੋਂ ਚਾਬੀ ਜਾਂ ਕੈਸ਼ ਨਾ ਦਿੱਤਾ ਜਾਂਦਾ ਤਾਂ ਕਤਲ ਵੀ ਹੋ ਸਕਦਾ ਸੀ। ਹਲਕਾ ਵਿਧਾਇਕ ਰਮਿੰਦਰ ਆਵਲਾ ਨੂੰ ਅਪੀਲ ਹੈ ਕਿ ਸ਼ਹਿਰ 'ਚ ਮਾਹੌਲ ਨੂੰ ਸੁਖਾਵਾਂ ਰੱਖਣ ਲਈ ਪੁਲਸ ਪ੍ਰਸ਼ਾਸਨ ਤੇ ਸਖ਼ਤ ਕਰਵਾਈ ਕੀਤੀ ਜਾਵੇ ਤਾਂ ਜੋ ਬੀਬੀਆਂ ਤੇ ਕੁੜੀਆਂ ਗਲੀ ਮੁਹੱਲਿਆਂ 'ਚ ਬਿਨਾ ਕਿਸੇ ਡਰ ਤੋਂ ਆ ਜਾ ਸਕਣ ਤੇ ਆਮ ਲੋਕ ਵੀ ਆਪਣਾ ਕਾਰੋਬਾਰ ਕਰ ਸਕਣ।
ਇਕ ਸਮਾਜ ਸੇਵੀ ਯੂਵਾ ਆਗੂ ਅਨੂ ਵਰਮਾ ਦਾ ਕਹਿਣਾ ਹੈ ਕਿ ਸ਼ਰੇਆਮ ਗਲੀ-ਮੁਹੱਲਿਆਂ 'ਚ ਮੋਟਰਸਾਇਕਲ, ਮੋਬਾਇਲ ਚੋਰੀ ਕੀਤੇ ਜਾ ਰਹੇ ਹਨ ਅਤੇ ਪੁਲਸ ਨੂੰ ਇਨ੍ਹਾਂ ਗੱਲਾਂ ਤੋਂ ਜਾਣੂ ਵੀ ਕਰਵਾਇਆ ਜਾ ਰਿਹਾ ਹੈ ਪਰ ਇਸਦੇ ਬਾਵਜੂਦ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਕੱਲ੍ਹ ਬੁੱਧਵਾਰ ਨੂੰ ਹੀ ਕ੍ਰਿਸ਼ਨਾ ਮੰਦਰ ਦੇ ਅਦਰੋਂ ਇਕ ਸਫ਼ਾਈ ਕਾਮੇ ਹਰਸ਼ਿਤ ਪਾਂਡੇ ਨਾਮਕ ਵਿਅਕਤੀ ਦਾ ਮੋਬਾਇਲ ਚੋਰੀ ਹੋਇਆ ਹੈ ਅਤੇ ਉਸਦੀ ਫੁੱਟੇਜ ਵੀ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਹੈ ਪਰ ਦੋਸ਼ੀ ਅਜੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹਨ।
ਇਥੇ ਦੱਸਣਯੋਗ ਹੈ ਕਿ ਗੋਬਿੰਦ ਨਗਰੀ 'ਚ ਇਹ ਦੂਜੀ ਵੱਡੀ ਘਟਨਾ ਹੈ ਹਾਲਾਂਕਿ ਪਹਿਲੀ ਘਟਨਾ 'ਚ ਰੰਜਿਸ਼ ਦੇ ਚੱਲਦਿਆਂ ਘਰ 'ਚ ਦਾਖ਼ਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਗੋਬਿੰਦ ਨਗਰੀ 'ਚ ਲੁਟੇਰਿਆਂ ਨੇ ਘਰ 'ਚ ਹੀ ਦਾਖ਼ਲ ਹੋ ਕੇ ਕਰੀਬ 3 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਇਸ ਤੋਂ ਪਹਿਲਾਂ ਵੀ ਅਕਤੂਬਰ ਮਹੀਨੇ ਕਾਫ਼ੀ ਸੰਖਿਆ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾ ਸਾਹਮਣੇ ਆਈਆਂ ਸਨ।