ATM ਬਦਲ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫ਼ਾਸ਼, 2 ਗ੍ਰਿਫ਼ਤਾਰ

06/05/2022 11:07:42 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੰਗਰੂਰ ਪੁਲਸ ਨੇ ਏ.ਟੀ.ਐੱਮ. ਕਾਰਡ ਬਦਲ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਲੁਟੇਰਿਆਂ ਨੂੰ ਵੱਖ-ਵੱਖ ਬੈਂਕਾਂ ਦੇ 58 ਏ.ਟੀ.ਐੱਮ. ਕਾਰਡਾਂ ਅਤੇ 23600 ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਆਈ. ਟੈੱਨ ਜਾਅਲੀ ਨੰਬਰ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਸਿਵਲ ਲਾਈਨ ਸੰਗਰੂਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੁਨਾਮ ਵਿਖੇ ਮੁਖ਼ਬਰੀ ਦੇ ਆਧਾਰ ’ਤੇ ਏ.ਟੀ.ਐੱਮ. ਰਾਹੀਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅਮਰਦਾਸ ਪੁੱਤਰ ਸੀਤਾ ਰਾਮ ਵਾਸੀ ਬਰਵਾਲਾ ਜ਼ਿਲ੍ਹਾ ਹਿਸਾਰ (ਹਰਿਆਣਾ), ਅਮਨਦੀਪ ਪੁੱਤਰ ਰੋਸ਼ਨ ਲਾਲ ਉਰਫ ਆਲੂ ਵਾਸੀ ਕਾਤਰੋਂ ਥਾਣਾ ਖੇੜੀ ਚੋਪਡ਼ਾ ਜ਼ਿਲ੍ਹਾ ਹਿਸਾਰ (ਹਰਿਆਣਾ), ਸੁਨੀਲ ਪੁੱਤਰ ਮਹੀਪਾਲ ਵਾਸੀ ਸੋਰਕੀ ਹਾਲ ਅਾਬਾਦ ਸਰਕਾਰੀ ਹਸਪਤਾਲ ਸੈਕਟਰ 1/4 ਹਿਸਾਰ ਜਿਲ੍ਹਾ ਹਿਸਾਰ (ਹਰਿਆਣਾ) ਰਾਜਬੀਰ ਉਰਫ ਪੱਪੂ ਪੁੱਤਰ ਭੂਰੀਆ ਵਾਸੀ ਕਲਾਇਤ ਥਾਣਾ ਜ਼ਿਲ੍ਹਾ ਕੈਥਲ (ਹਰਿਆਣਾ) ਦੇ ਖ਼ਿਲਾਫ਼ ਥਾਣਾ ਸਿਟੀ ਸੁਨਾਮ ਮਾਮਲਾ ਦਰਜ ਕਰਕੇ ਤਫ਼ਤੀਸ਼ ਅਮਲ ’ਚ ਲਿਆਂਦੀ ਗਈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਹਮਲਾ, ਕਿਹਾ-ਪੰਜਾਬ ’ਚ ਕੋਈ ਵੀ ਨਹੀਂ ਸੁਰੱਖਿਅਤ

ਜਾਂਚ ਦੌਰਾਨ ਅਮਨਦੀਪ ਅਤੇ ਰਾਜਬੀਰ ਉਰਫ ਪੱਪੂ ਨੂੰ ਆਈ 10 ਜਾਅਲੀ ਨੰਬਰ ਗੱਡੀ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਵੱਖ-ਵੱਖ ਬੈਂਕਾਂ ਦੇ 58 ਏ.ਟੀ.ਐੱਮ. ਕਾਰਡ ਤੇ 23600 ਰੁਪਿਆ ਨਕਦ ਬਰਾਮਦ ਕੀਤੇ। ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਕਾਬੂ ਕੀਤੇ ਦੋਸ਼ੀ : ਸਿੱਧੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੈੱਡਕੁਆਰਟਰ ਤੇ ਸਾਈਬਰ ਸੈੱਲ ਸੰਗਰੂਰ ਨੂੰ ਪੁਨਰਗਠਨ ਕਰ ਕੇ ਡੀ. ਐੱਸ.ਪੀ. (ਡੀ) ਸੁਪਰਵਿਜ਼ਨ ਵਿਚ ਦੋ ਟੀਮਾਂ ਸੀ.ਸੀ.ਆਈ.ਯੂ. 1 ਸੀ.ਸੀ.ਆਈ.ਯੂ. 2 ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੇ ਇੰਚਾਰਜ ਐੱਸ.ਆਈ. ਅਮਨਦੀਪ ਕੌਰ ਅਤੇ ਐੱਸ.ਆਈ. ਕਮਲਜੀਤ ਕੌਰ ਨੂੰ ਲਗਾਇਆ ਗਿਆ। ਜਿਨ੍ਹਾਂ ਨੂੰ ਸਾਈਬਰ ਕ੍ਰਾਈਮ ਦੇ ਪੇਚੀਦਾ ਮਸਲਿਆਂ ਨੂੰ ਹੱਲ ਕਰਨ ਸਬੰਧੀ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਗਿਆ ਹੈ। ਸਿੱਟੇ ਵਜੋਂ ਸਾਈਬਰ ਸੈੱਲ ਦੀ ਮਿਹਨਤ ਸਦਕਾ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਏ. ਟੀ. ਐੱਮ. ਬਦਲ ਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਕਾਂਗਰਸ ਨੇ ਦਲਬੀਰ ਗੋਲਡੀ ਨੂੰ ਐਲਾਨਿਆ ਉਮੀਦਵਾਰ

ਏ.ਟੀ.ਐੱਮ., ਪੇ.ਟੀ.ਐੱਮ. ’ਤੇ ਆਨਲਾਈਨ ਮਾਰਦੇ ਸੀ ਠੱਗੀ : ਸਿੱਧੂ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਆਪਸ ਵਿਚ ਮਿਲ ਕੇ ਕੰਮ ਕਰਦੇ ਹਨ। ਗੱਡੀਆਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਕੁਝ ਸਮੇਂ ਤੋਂ ਸ਼ਹਿਰ ਸੁਨਾਮ ਦੇ ਏਰੀਏ ’ਚ ਵੱਖ ਵੱਖ ਏ.ਟੀ.ਐੱਮਜ਼ ’ਚੋਂ ਪੈਸੇ ਕਢਵਾਉਣ ਆਏ ਭੋਲੇ-ਭਾਲੇ ਲੋਕਾਂ ਦੇ ਪਿੱਛੇ ਖੜ੍ਹ ਕੇ ਉਨ੍ਹਾਂ ਨੂੰ ਗੱਲਾਂ ’ਚ ਲਗਾ ਕੇ ਵਰਗਲਾ ਕੇ ਜਾਅਲਸਾਜ਼ੀ ਨਾਲ ਉਨ੍ਹਾਂ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਪੈਸੇ ਕਢਵਾਉਣ ਦੀ ਮਦਦ ਦੀ ਪੇਸ਼ਕਸ਼ ਕਰਦੇ ਸਨ ਤੇ ਚੋਰ ਅੱਖ ਨਾਲ ਏ.ਟੀ.ਐੱਮ. ਪਿੰਨ ਨੰਬਰ ਦੇਖ ਲੈਂਦੇ ਸਨ ਅਤੇ ਬੜੀ ਹੀ ਚਲਾਕੀ ਨਾਲ ਉਨ੍ਹਾਂ ਦਾ ਏ.ਟੀ.ਐੱਮ. ਫੜ ਕੇ ਉਸ ਨਾਲ ਮਿਲਦਾ-ਜੁਲਦਾ ਫਰਜ਼ੀ ਏ.ਟੀ.ਐੱਮ. ਕਾਰਡ ਬਦਲ ਕੇ ਉਨ੍ਹਾਂ ਨੂੰ ਦੇ ਦਿੰਦੇ ਸਨ। ਉਨ੍ਹਾਂ ਦਾ ਅਸਲ ਏ.ਟੀ.ਐੱਮ. ਧੋਖੇ ਨਾਲ ਬਦਲ ਕੇ ਆਪਣੇ ਕੋਲ ਰੱਖ ਲੈਂਦੇ ਸਨ ਤੇ ਬਾਅਦ ਵਿਚ ਇਹ ਇਹ ਲੁਟੇਰੇ ਕੁਝ ਰਕਮ ਏ.ਟੀ.ਐੱਮ. ਮਸ਼ੀਨ ’ਚੋਂ ਕਢਵਾ ਲੈਂਦੇ ਸਨ ਤੇ ਕੁਝ ਰਕਮ ਪੇ.ਟੀ.ਐੱਮ. ਰਾਹੀਂ ਟਰਾਂਸਫਰ ਕਰਕੇ ਕਿਸੇ ਦੁਕਾਨਦਾਰ ਤੋਂ ਪੈਸੇ ਹਾਸਲ ਕਰ ਲੈਂਦੇ ਸਨ ਜਾਂ ਉਨ੍ਹਾਂ ਦੇ ਏ.ਟੀ.ਐੱਮ. ਕਾਰਡਾਂ ਨੂੰ ਆਨਲਾਈਨ ਵਰਤ ਕੇ ਵੱਖ-ਵੱਖ ਦੁਕਾਨਾਂ ਤੋਂ ਖਰੀਦਦਾਰੀ ਕਰ ਲੈਂਦੇ ਸਨ। ਇਸ ਤਰ੍ਹਾਂ ਕਰਕੇ ਇਨ੍ਹਾਂ ਨੇ ਬਹੁਤ ਸਾਰੇ ਭੋਲੇ ਭਾਲੇ ਲੋਕਾਂ ਨਾਲ ਹੇਰਾ-ਫੇਰੀ ਕਰਕੇ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਅੰਮ੍ਰਿਤਸਰ ਸਣੇ 4 ਜ਼ਿਲ੍ਹਿਆਂ ’ਚ ਧਾਰਾ-144 ਲਾਗੂ

70 ਥਾਵਾਂ ’ਤੇ ਦਿੱਤਾ ਵਾਰਦਾਤ ਨੂੰ ਅੰਜਾਮ : ਸੁਨਾਮ ਤੋਂ ਇਲਾਵਾ ਇਨ੍ਹਾਂ ਵਿਅਕਤੀਆਂ ਨੇ ਲਹਿਰਾ, ਸੰਗਰੂਰ, ਧੂਰੀ, ਮਾਲੇਰਕੋਟਲਾ, ਲੁਧਿਆਣਾ, ਰਾਏਕੋਟ, ਪਟਿਆਲਾ, ਮੁਹਾਲੀ, ਮਾਨਸਾ, ਬਠਿੰਡਾ, ਫ਼ਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ ਤੇ ਹਰਿਆਣਾ ਵਿਚ ਵੀ ਅਜਿਹੀਆਂ ਤਕਰੀਬਨ 70 ਵਾਰਦਾਤਾਂ ਨੂੰ ਅੰਜਾਮ ਦਿੱਤਾ।
 ਵਾਰਦਾਤ ਕਰਨ ਦੀ ਤਾਕ ’ਚ ਸਨ : ਸਿੱਧੂ ਨੇ ਦੱਸਿਆ ਕਿ ਉਕਤ ਦੋਸ਼ੀ ਅੱਜ ਸੁਨਾਮ ਵਿਖੇ ਵਾਰਦਾਤ ਦੀ ਤਾਕ ਵਿਚ ਸਨ। ਪੁਲਸ ਨੇ ਮੁਖ਼ਬਰੀ ਮਿਲਦੇ ਵਾਰਦਾਤ ਕਰਨ ਤੋਂ ਪਹਿਲਾਂ ਹੀ ਸਾਈਬਰ ਸੈੱਲ ਦੀ ਸਹਾਇਤਾ ਨਾਲ ਥਾਣਾ ਸਿਟੀ ਪੁਲਸ ਦੀ ਮੁਸਤੈਦੀ ਸਦਕਾ ਮੌਕੇ ’ਤੇ ਹੀ ਦੋ ਲੁਟੇਰਿਆਂ ਅਮਨਦੀਪ ਤੇ ਰਾਜਬੀਰ ਉਰਫ ਪੱਪੂ ਨੂੰ ਕਾਬੂ ਕਰ ਲਿਆ ਹੈ, ਜਦਕਿ ਸੁਨੀਲ ਅਤੇ ਅਮਰਦਾਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ। 
 


Manoj

Content Editor

Related News