ਸ੍ਰੀ ਸਾਹਿਬ ਨਾਲ ਹਮਲਾ ਕਰ ਕੇ ਵਿਅਕਤੀ ਨੂੰ ਕੀਤਾ ਜ਼ਖਮੀ, ਗ੍ਰੰਥੀ ਸਿੰਘ ਗ੍ਰਿਫਤਾਰ

04/21/2022 9:41:34 AM

ਗੁਰੂਹਰਸਹਾਏ  (ਸੁਦੇਸ਼, ਸੁਨੀਲ ਵਿੱਕੀ) : ਥਾਣਾ ਲੱਖੋਕੇ ਬਹਿਰਾਮ ਦੇ ਅਧੀਨ ਆਉਂਦੇ ਪਿੰਡ ਹਾਮਦ ਵਿਖੇ ਇਕ ਗ੍ਰੰਥੀ ਸਿੰਘ ਵੱਲੋਂ ਸ੍ਰੀ ਸਾਹਿਬ ਨਾਲ ਵਿਅਕਤੀ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦੇਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਦੀ ਪੁਲਸ ਨੇ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੂਰਨ ਸਿੰਘ ਪੁੱਤਰ ਮੋੜਾ ਸਿੰਘ ਵਾਸੀ ਪਿੰਡ ਹਾਮਦ ਨੇ ਦੱਸਿਆ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹ ਕੇ ਸਫਾਈ ਕਰ ਰਿਹਾ ਸੀ ਤਾਂ ਐਨੇ ਨੂੰ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਬਲਿਹਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਆਇਆ ਜੋ ਉਸ ਨੂੰ ਗਾਲੀ-ਗਲੋਚ ਕਰਨ ਲੱਗਾ ਤੇ ਕਿਹਾ ਕਿ ਤੂੰ ਪਿੰਡ ਦੀ ਕਮੇਟੀ ਨੂੰ ਮੇਰੇ ਬਾਰੇ ਕਿਹਾ ਹੈ ਕਿ ਮੈਂ ਆਪਣੇ ਘਰ ਗੈਰ ਜ਼ਨਾਨੀਆਂ ਨਾਲ ਮਾੜਾ ਕੰਮ ਕਰ ਕੇ ਬਿਨ੍ਹਾ ਨਹਾਤੇ ਧੋਤੇ ਸ੍ਰੀ ਗੁਰਦੁਆਰਾ ਸਾਹਿਬ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਜਾਂਦਾ ਹਾਂ।

ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ

ਪੂਰਨ ਸਿੰਘ ਨੇ ਦੱਸਿਆ ਕਿ ਗ੍ਰੰਥੀ ਬਲਿਹਾਰ ਸਿੰਘ ਨੇ ਆਪਣੇ ਗਲ ਵਿਚ ਪਾਈ ਸ੍ਰੀ ਸਾਹਿਬ ਨਾਲ ਉਸ ’ਤੇ ਹਮਲਾ ਕਰ ਦਿੱਤਾ। ਉਹ ਜ਼ਮੀਨ ’ਤੇ ਡਿੱਗ ਪਿਆ ਤੇ ਬਚਾਅ ਲਈ ਰੌਲਾ ਪਾਉਣ ਲੱਗਾ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੂਰਨ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਗ੍ਰੰਥੀ ਬਲਿਹਾਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News