ਭੇਤਭਰੀ ਹਾਲਤ ’ਚ ਘਰ ਅੰਦਰ ਲੱਗੀ ਅੱਗ, ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ
Thursday, Dec 27, 2018 - 12:56 AM (IST)
ਭਵਾਨੀਗਡ਼੍ਹ, (ਕਾਂਸਲ, ਵਿਕਾਸ)- ਬਲਿਆਲ ਵਿਖੇ ਬੀਤੇ ਦਿਨੀਂ ਜਦੋਂ ਇਕ ਘਰ ’ਚ ਕੋਈ ਮੌਜੂਦ ਨਹੀਂ ਸੀ ਤਾਂ ਘਰ ਵਿਚ ਭੇਤਭਰੀ ਹਾਲਤ ’ਚ ਲੱਗੀ ਅੱਗ ਕਾਰਨ ਘਰੇਲੂ ਸਾਮਾਨ ਅਤੇ ਫਰਨੀਚਰ ਸਡ਼ ਕੇ ਸਵਾਹ ਹੋ ਜਾਣ ਦੇ ਨਾਲ-ਨਾਲ ਘਰ ਵਿਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਗਾਇਬ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਦਿੰਦਿਆਂ ਘਟਨਾ ਦਾ ਸ਼ਿਕਾਰ ਹੋਏ ਪਿੰਡ ਬਲਿਆਲ ਦੇ ਵਸਨੀਕ ਬਲਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੇ ਪੁਲਸ ਥਾਣੇ ’ਚ ਦਿੱਤੀ ਲਿਖ਼ਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਿਛਲੇ ਕਰੀਬ 5 ਮਹੀਨਿਆਂ ਤੋਂ ਆਪਣੇ ਪਰਿਵਾਰ ਸਮੇਤ ਮਾਨਸਾ ਵਿਖੇ ਰਹਿ ਰਿਹਾ ਹੈ ਅਤੇ ਉਸ ਨੂੰ ਪਿੰਡ ਰਹਿੰਦੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੇ ਘਰ ’ਚ ਅੱਗ ਲੱਗਣ ਦੀ ਘਟਨਾ ਦੀ ਸੂਚਨਾ ਦਿੱਤੀ ਤਾਂ ਜਦੋਂ ਉਸ ਨੇ ਆਪਣੇ ਘਰ ਆ ਕੇ ਦੇਖ਼ਿਆ ਤਾਂ ਉਸ ਦੇ ਘਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਚੁਬਾਰਾ ਵੀ ਖੁੱਲ੍ਹਾ ਪਿਆ ਸੀ। ਅੱਗ ਦੀ ਇਸ ਘਟਨਾ ਵਿਚ ਉਸ ਦੇ ਘਰ ਅੰਦਰ ਪਏ ਬੈੱਡ, ਅਲਮਾਰੀ, ਸੋਫੇ, ਫਰਨੀਚਰ ਦੇ ਨਾਲ-ਨਾਲ ਹੋਰ ਘਰੇਲੂ ਸਾਮਾਨ ਸਡ਼ ਕੇ ਸਵਾਹ ਹੋ ਚੁੱਕੇ ਸਨ। ਪੀਡ਼ਤ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਘਰ ’ਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਵੀ ਗਾਇਬ ਸਨ, ਜਿਸ ਤੋਂ ਇੰਜ ਲਗਦਾ ਹੈ ਕਿ ਕਿਸੇ ਵਿਅਕਤੀ ਨੇ ਉਸ ਦੇ ਘਰ ਅੰਦਰ ਪਹਿਲਾਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਿਰ ਘਰ ਅੰਦਰ ਅੱਗ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਸਹੀ ਜਾਂਚ ਕਰ ਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਉਸ ਦੇ ਇਥੇ ਪਿੰਡ ਬਲਿਆਲ ਵਿਖੇ ਰਹਿੰਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਤੋਂ ਅਲੱਗ ਹੋਣ ਕਾਰਨ ਪਿੰਡ ਤੋਂ ਦੂਰ ਖੇਤਾਂ ਵਿਚ ਬਣੇ ਘਰ ਵਿਚ ਰਹਿੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਦੇਰ ਨਾਲ ਪਤਾ ਚਲਿਆ, ਜਿਸ ਤੋਂ ਬਾਅਦ ਹੀ ਉਨ੍ਹਾਂ ਇਸ ਦੀ ਸੂਚਨਾ ਬਲਜਿੰਦਰ ਸਿੰਘ ਨੂੰ ਦਿੱਤੀ।
