ਚੋਣ ਮੈਨੀਫੈਸਟੋ ’ਚ ਸਰਕਾਰਾਂ ਵੀ ਬੱਚਿਆਂ ਨੂੰ ਦੇਣ ਲੱਗੀਆਂ ਬਾਹਰ ਭੇਜਣ ਦਾ ਲਾਲਚ

01/15/2022 12:01:24 PM

ਬੁਢਲਾਡਾ  (ਮਨਜੀਤ): ਅੱਜ ਹਰ ਪਾਸੇ ਚੋਣਾਂ ਦਾ ਪੰਜਾਬ ’ਚ ਬਿਗਲ ਵੱਜ ਚੁੱਕਿਆ ਹੈ, ਜਿਸ ਨਾਲ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦੇ ਆਪਣੇ ਢੰਗ ਤਰੀਕੇ ਨਾਲ ਆਪਣੀ ਅਤੇ ਆਪਣੀ ਪਾਰਟੀ ਦੀ ਗੱਲ ਰੱਖ ਰਹੇ ਹਨ। ਜਿਸ ਵਿੱਚ ਜ਼ਿਆਦਾਤਰ ਸੁਣਨ ਅਤੇ ਵੇਖਣ ਵਿੱਚ ਆ ਰਿਹਾ ਹੈ ਕਿ ਇਹ ਲੋਕ ਸਿਰਫ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿਰਫ ਵੋਟਾਂ ਲੈਣ ਤੱਕ ਦਾ ਏਜੰਡਾ ਹੀ ਮਨ ਵਿੱਚ ਲੈ ਕੇ ਚੱਲ ਰਹੇ ਹਨ। ਜਿਵੇਂ ਕਿ ਇੱਕ-ਦੂਜੇ ਲੀਡਰ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋ ਕਰਨੀ।  ਉਸ ਦੀ ਨਿੱਜੀ ਲਾਇਫ ਨੂੰ ਲੋਕਾਂ ਵਿੱਚ ਲਿਆ ਕੇ ਉਸ ਦੀ ਸ਼ਾਨ ਨੂੰ ਢਾਅ ਲਾਉਣਾ। ਇਹ ਸਭ ਗੱਲਾਂ ਸਾਡੇ ਲੀਡਰ ਚੁਣੇ ਹੋਏ ਨੁਮਾਇੰਦੇ ਕਰ ਰਹੇ ਹਨ।  ਜਿਹੜਾ ਕਿ ਨੀਵੇਂ ਪੱਧਰ ਵੱਲ ਜਾ ਰਹੀ ਸਿਆਸਤ ਦਾ ਇੱਕ ਦੁੱਖਦਾਈ ਪਹਿਲੂ ਹੈ ਕਿਉਂਕਿ ਇਨ੍ਹਾਂ ਗੱਲਾਂ ਕਰਕੇ ਆਮ ਜਨਤਾ ਦੇ ਮੁੱਦੇ ਦਫ਼ਨ ਹੋ ਰਹੇ ਹਨ।  

ਇਹ ਵੀ ਪੜ੍ਹੋ : 31 ਜਨਵਰੀ ਤੱਕ ਆਂਗਣਵਾੜੀ ਸੈਂਟਰ ਬੱਚਿਆਂ ਲਈ ਬੰਦ

ਅੱਜ ਸਾਨੂੰ ਅਜਿਹੇ ਨੁਮਾਇੰਦਿਆਂ ਦੀ ਲੋੜ ਹੈ। ਜੋ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਚੰਗੀ ਗੱਲ ਸੋਚਣ ਅਤੇ ਚੰਗੀ ਗੱਲ ਕਰਨ। ਜਿਵੇਂ ਕਿ ਸਾਡੇ ਆਲੇ-ਦੁਆਲੇ ਸਿਹਤ ਸਹੂਲਤਾਂ ਦਾ ਬਹੁਤ ਹੀ ਬੁਰਾ ਹਾਲ ਹੈ।  ਪਿੰਡਾਂ ਨੂੰ ਛੱਡੋ ਸ਼ਹਿਰਾਂ ਵਿੱਚ ਵੀ ਡਾਕਟਰਾਂ ਅਤੇ ਸਾਜੋ-ਸਮਾਨ ਦੀ ਕਮੀ ਕਾਰਨ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਜਿਸ ਪਾਸੇ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ।  ਇਸ ਦੇ ਨਾਲ ਹੀ ਸਮਾਜ ਨੂੰ ਉੱਪਰ ਚੁੱਕਣ ਲਈ ਸਭ ਤੋਂ ਜਿਆਦਾ ਲੋੜ ਸਿੱਖਿਆ ਨੂੰ ਪ੍ਰਫੁਲਿੱਤ ਕਰਨ ਦੀ ਲੋੜ ਹੈ। ਪ੍ਰੰਤੂ ਅੱਜ ਸਕੂਲਾਂ ਅਤੇ ਕਾਲਜਾਂ, ਯੂਨੀਵਰਸਿਟੀਆਂ ਇਸ ਸਿਆਸਤ ਦੀ ਭੇਂਟ ਚੜ੍ਹਨ ਲੱਗੀਆਂ ਹਨ।  ਜਿਸ ਕਾਰਨ ਸਾਡਾ ਆਉਣ ਵਾਲਾ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ ਬਹੁਤ ਦੂਰ ਦੀ ਗੱਲ ਹੋ ਗਈ ਹੈ।  ਇਸ ਤੋਂ ਦੁੱਖੀ ਹੋ ਕੇ ਅੱਜ ਕੱਲ੍ਹ ਦਾ ਯੂਥ ਬੱਚੇ-ਬੱਚੀਆਂ ਆਪਣਾ ਦੇਸ਼ ਅਤੇ ਆਪਣੇ ਮਾਪੇ ਮਜਬੂਰੀ ਬਸ ਛੱਡ ਕੇ ਜ਼ਮੀਨਾਂ-ਜਾਇਦਾਦਾਂ ਵੇਚ ਕੇ ਜਾਂ ਗਹਿਣੇ ਕਰਕੇ ਜਾਂ ਕਰਜਾ ਚੁੱਕ ਕੇ ਵਿਦੇਸ਼ਾਂ ਵੱਲ ਧੜਾਧੜ ਜਾ ਰਹੇ ਹਨ।  ਜਿਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਿਸ ਕਾਰਨ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ। ਪਰ ਸਾਡੀ ਕੋਈ ਵੀ ਸਰਕਾਰ ਇਸ ਵੱਲ ਕੋਈ ਵੀ ਉਚੇਚਾ ਧਿਆਨ ਨਹੀਂ ਦੇ ਰਹੀ।

ਇਹ ਵੀ ਪੜ੍ਹੋ : ਸੁਖਦੇਵ ਸਿੰਘ ਢੀਂਡਸਾ ਦੇ ‘ਸ਼੍ਰੋਮਣੀ ਅਕਾਲੀ ਦਲ ਸੰਯੁਕਤ’ ਨੂੰ ਮਿਲਿਆ ਚੋਣ ਨਿਸ਼ਾਨ ‘ਟੈਲੀਫੋਨ’

ਇਸ ਤੋਂ ਇਲਾਵਾ ਜੋ ਸਾਡੇ ਇੱਥੇ ਸਮਾਜ ਵਿੱਚ ਰਹਿ ਰਹੇ ਇੱਜਤਦਾਰ, ਮਿਹਨਤੀ ਅਤੇ ਸੀਨੀਅਰ ਸਿਟੀਜਨ ਲੋਕ ਜਿਨ੍ਹਾਂ ਨੂੰ ਆਪਣੇ ਆਪ ਕੰਮਕਾਰ ਕਰਾਉਣ ਲਈ ਛੋਟੇ ਤੋਂ ਵੱਡੇ ਦਫ਼ਤਰ ਤੱਕ ਜਾਣਾ ਪੈਂਦਾ ਹੈ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪੈਰਾਂ ਥੱਲੋਂ ਜ਼ਮੀਨ ਨਿਕਲਣ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਅੱਜ ਦੀ ਅਫਸਰਸ਼ਾਹੀ ਛੋਟਾ-ਵੱਡਾ ਹਰ ਇੱਕ ਮੁਲਾਜਮ ਕੋਈ ਵੀ ਸਮੇਂ ਸਿਰ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ।  ਇਹ ਲੋਕ ਵਾਰ-ਵਾਰ ਹਰ ਵਰਗ ਨੂੰ ਦਫਤਰਾਂ ਦੇ ਚੱਕਰ ਕਟਵਾ ਰਹੇ ਹਨ।  ਜਿਸ ਕਾਰਨ ਇਹ ਲੋਕ ਪ੍ਰੇਸ਼ਾਨ ਹੋ ਕੇ ਵਿਚੋਲਿਆਂ ਦੀ ਭਾਲ ਕਰਦੇ ਹਨ। ਇਹ ਵਿਚੋਲੇ ਫਿਰ ਆਮ ਲੋਕਾਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦੇ ਹਨ ਜੋ ਕਿ ਸਾਡੇ ਸਮਾਜ ਲਈ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।  

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Anuradha

Content Editor

Related News