ਬਰਨਾਲਾ ਜੇਲ ’ਚ ਬੰਦ ਹਵਾਲਾਤੀ ਦੀ ਸਾਥੀਅਾਂ ਵੱਲੋਂ ਕੁੱਟ-ਮਾਰ, ਤੱਤੀ ਚਾਹ ਡੋਲ੍ਹੀ

Monday, Oct 22, 2018 - 12:47 AM (IST)

ਬਰਨਾਲਾ ਜੇਲ ’ਚ ਬੰਦ ਹਵਾਲਾਤੀ ਦੀ ਸਾਥੀਅਾਂ ਵੱਲੋਂ ਕੁੱਟ-ਮਾਰ, ਤੱਤੀ ਚਾਹ ਡੋਲ੍ਹੀ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਜੇਲ ਬਰਨਾਲਾ ਵਿਚ  2 ਹਵਾਲਾਤੀਆਂ ਵੱਲੋਂ ਆਪਣੇ ਤੀਜੇ ਸਾਥੀ ਹਵਾਲਾਤੀ ਦੀ ਕੁੱਟ-ਮਾਰ ਕਰ ਕੇ ਉਸ ’ਤੇ ਗਰਮ ਚਾਹ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜ਼ਿਲਾ ਜੇਲ ਬਰਨਾਲਾ ਦੀ ਸੁਰੱਖਿਆ ’ਤੇ ਵੀ ਕਈ ਸਵਾਲ ਖਡ਼੍ਹੇ ਹੁੰਦੇ ਹਨ। 
ਸਿਵਲ ਹਸਪਤਾਲ ’ਚ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹਵਾਲਾਤੀ ਗੁਰਵਿੰਦਰ ਸਿੰਘ ਵਾਸੀ ਭੱਠਾ ਧੂਹਾਂ (ਲੁਧਿਆਣਾ) ਨੇ ਦੱਸਿਆ ਕਿ ਉਹ ਕਰੀਬ ਸਾਲ ਕੁ ਪਹਿਲਾਂ ਪਿੰਡ ਨੈਣੇਵਾਲ ਵਿਖੇ ਬੈਂਕ ਨਾਲ ਹੋਈ ਹੇਰਾ-ਫੇਰੀ ਦੇ ਮਾਮਲੇ ਵਿਚ ਗੁਰਜੰਟ ਸਿੰਘ ਵਾਸੀ ਨੈਣੇਵਾਲ ਅਤੇ ਨਿਰਭੈ ਸਿੰਘ ਵਾਸੀ ਘੁੰਨਸ (ਬਰਨਾਲਾ) ਸਣੇ ਧੋਖਾਦੇਹੀ  ਦੇ ਮਾਮਲੇ ’ਚ ਨਜ਼ਰਬੰਦ ਹੈ।  
ਐਤਵਾਰ ਸਵੇਰੇ ਜਦੋਂ ਉਹ ਜੇਲ ਵਿਚ ਸੈਰ ਕਰ ਰਿਹਾ ਸੀ ਤਾਂ ਗੁਰਜੰਟ ਸਿੰਘ ਨੇ ਉਸ ਨੂੰ ਚਾਹ ਪੀਣ ਲਈ ਬੁਲਾਇਆ। ਜਦੋਂ ਉਹ ਅੰਦਰ ਗਿਆ ਤਾਂ ਉਥੇ ਨਿਰਭੈ ਸਿੰਘ ਬੈਠਾ ਸੀ, ਜਿਸ  ਨਾਲ ਉਸ ਦੀ ਅਣਬਣ ਹੈ। ਇਸ ਲਈ ਉਹ ਕਮਰੇ ਤੋਂ ਬਾਹਰ ਆਉਣ ਲੱਗਿਆ ਤਾਂ ਨਿਰਭÎੈ ਸਿੰਘ ਨੇ ਉਸ ਨੂੰ ਫਡ਼ ਲਿਆ ਅਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁਰਜੰਟ ਸਿੰਘ ਨੇ ਚਾਹ ਵਾਲੇ  ਭਾਂਡੇ ਵਿਚ ਪਈ ਗਰਮ ਚਾਹ ਉਸ   ’ਤੇ  ਡੋਲ੍ਹ ਦਿੱਤੀ, ਜਿਸ ਕਾਰਨ ਉਹ ਕਾਫ਼ੀ ਝੁਲਸ ਗਿਆ। ਜੇਲ ਪ੍ਰਸ਼ਾਸਨ ਵੱਲੋਂ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। 
ਜਦੋਂ ਇਸ ਸਬੰਧੀ ਜੇਲ ਸੁਪਰਡੈਂਟ ਗੁਰਪ੍ਰੀਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਂ ਅਜੇ ਰੁੱਝਿਆ  ਹੋਇਆ ਹਾਂ, ਬਾਅਦ ਵਿਚ ਗੱਲ ਕਰਾਂਗਾ। ਜਦੋਂਕਿ ਜ਼ਿਲਾ ਜੇਲ ਦੇ ਮੁਨਸ਼ੀ ਨੇ ਸੰਪਰਕ ਕਰਨ ’ਤੇ  ਕਿਹਾ ਕਿ ਹਵਾਲਾਤੀ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੁਰਜੰਟ ਸਿੰਘ ਅਤੇ ਨਿਰਭੈ ਸਿੰਘ ਖਿਲਾਫ ਮਾਮਲਾ ਦਰਜ ਕਰਨ ਲਈ ਪੁਲਸ ਨੂੰ Îਲਿਖ ਕੇ ਭੇਜ ਦਿੱਤਾ ਗਿਆ ਹੈ।


Related News