ਇਮਰਾਨ ਖਾਨ ਪਾਕਿ ਸਥਿਤ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ : ਭਾਈ ਲੌਂਗੋਵਾਲ
Sunday, Jan 05, 2020 - 11:05 PM (IST)
ਫਤਿਹਗਡ਼੍ਹ ਸਾਹਿਬ, (ਜਗਦੇਵ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਦੇ ਪਿਸ਼ਾਵਰ ’ਚ ਇਕ ਸਿੱਖ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਸਖ਼ਤ ਸਖ਼ਤ ਨਿਖੇਧੀ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ’ਤੇ ਪੱਥਰਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ, ਜੋ ਅਜੇ ਤੱਕ ਸ਼ਰੇਆਮ ਤੁਰੇ ਫਿਰਦੇ ਹਨ, ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਸਿੱਖਾਂ ਬਾਰੇ ਬਡ਼ੇ ਮੰਦਭਾਗੇ ਸ਼ਬਦ ਵਰਤੇ ਸਨ ਤੇ ਹੁਣ ਸ਼ਰੇਆਮ ਗੋਲੀਆਂ ਮਾਰ ਕੇ ਇਕ ਸਿੱਖ ਦਾ ਕਤਲ ਕਰ ਦਿੱਤੇ ਜਾਣ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਖਾਸ ਕਰ ਕੇ ਸਿੱਖ ਕਿਸੇ ਵੀ ਹਾਲਤ ’ਚ ਸੁਰੱਖਿਅਤ ਨਹੀਂ ਹਨ ਤੇ ਸਮੁੱਚਾ ਸਿੱਖ ਭਾਈਚਾਰਾ ਤੇ ਗਹਿਰੀ ਚਿੰਤਾ ’ਚ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਹਰੇਕ ਪ੍ਰਕਾਰ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ’ਚ ਇਕ ਚਾਰ ਮੈਂਬਰੀ ਵਫ਼ਦ ਵੀ ਭੇਜਿਆ ਜਾ ਰਿਹਾ ਹੈ, ਜੋ ਉੱਥੋਂ ਦੇ ਸਿੱਖਾਂ ਨਾਲ ਮਿਲ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਵੇਗਾ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ’ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਕੁਲਦੀਪ ਕੌਰ ਟੌਹਡ਼ਾ, ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ, ਬੀਬੀ ਰਣਜੀਤ ਕੌਰ, ਸੁਰਜੀਤ ਸਿੰਘ ਗਡ਼੍ਹੀ, ਜਥੇਦਾਰ ਸਵਰਨ ਸਿੰਘ ਚਨਾਰਥਲ, ਬੀਬੀ ਸਤਵਿੰਦਰ ਕੌਰ ਧਾਰੀਵਾਲ, ਬਲਜੀਤ ਸਿੰਘ ਭੁੱਟਾ ਸਮੇਤ ਹੋਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।