ਜੇਲ੍ਹ ''ਚ ਇਕਦਮ ਕਿਵੇਂ ਬੰਦ ਹੋ ਗਏ ਮੋਬਾਇਲ ਬਰਾਮਦ ਹੋਣੇ, ਮਾਮਲਾ ਸ਼ੱਕੀ?

Monday, Nov 09, 2020 - 02:09 PM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਕੇਂਦਰੀ ਜੇਲ 'ਚ ਸੈਂਕੜਿਆਂ ਦੀ ਗਿਣਤੀ 'ਚ ਰਹਿੰਦੇ ਕੈਦੀਆਂ ਅਤੇ ਹਵਾਲਾਤੀਆਂ ਤੋਂ ਸ਼ੱਕੀ ਚੀਜ਼ਾ ਬਰਾਮਦ ਹੋਣ ਦੇ ਵਾਕਿਆ ਆਮ ਕਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ। ਪਿਛਲੇ ਕਈ ਦਹਾਕਿਆਂ ਤੋਂ ਨਾ ਤਾਂ ਬਰਾਮਦਗੀ ਰੁਕੀ ਹੈ ਅਤੇ ਨਾ ਹੀ ਕੈਦੀਆਂ ਦੀਆਂ ਗਤੀਵਿਧੀਆਂ। ਇਸ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਜੇਲ ਦੀਆਂ ਕੰਧਾਂ ਸ਼ੱਕੀ ਗਤੀਵਿਧੀਆਂ ਰੁਕਵਾਉਣ ਲਈ ਇੰਨੀਆਂ ਉੱਚੀਆਂ ਨਹੀਂ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਜੇਲ ਦੇ ਅੰਦਰੋਂ ਮੋਬਾਇਲ ਬਰਾਮਦਗੀ ਦੀਆਂ ਖ਼ਬਰਾਂ ਠੰਡੀਆਂ ਪੈ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਮਹਿਕਮਾ ਆਪਣੀਆਂ ਕਮੀਆਂ ਲੁਕੋਣ ਲਈ ਇਹ ਭਿਣਕ ਤੱਕ ਨਹੀਂ ਲੱਗਣ ਦੇ ਰਿਹਾ ਕਿ ਕੈਦੀਆਂ ਤੋਂ ਉਸ ਨੇ ਕੀ ਬਰਾਮਦ ਕੀਤਾ ਕਿਉਂਕਿ ਜੇਕਰ ਕੋਈ ਵੀ ਬਰਾਮਦਗੀ ਹੁੰਦੀ ਹੈ ਤਾਂ ਕਾਨੂੰਨ ਮੁਤਾਬਕ ਉਸ ਦੀ ਜਾਣਕਾਰੀ ਇਲਾਕਾ ਪੁਲਸ ਨੂੰ ਦੇਣੀ ਹੁੰਦੀ ਹੈ ਪਰ ਸਬੰਧਤ ਥਾਣੇ 'ਚ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਅਜਿਹਾ ਇਕ ਵੀ ਕੇਸ ਦਰਜ ਨਹੀਂ ਹੋਇਆ ਜਿਸ ਨਾਲ ਇਹ ਸਥਿਤੀ ਹੋਰ ਵੀ ਸ਼ੱਕੀ ਬਣਦੀ ਜਾ ਰਹੀ ਹੈ। ਮਹਿਕਮੇ ਦੇ ਸੂਤਰ ਦੱਸਦੇ ਹਨ ਕਿ ਮੀਡੀਆ ਵੱਲੋਂ ਵਾਰ-ਵਾਰ ਜੇਲ ਅੰਦਰੋਂ ਮੋਬਾਇਲ ਅਤੇ ਇਤਰਾਜ਼ਯੋਗ ਚੀਜ਼ਾਂ ਬਰਾਮਦ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਦਾ ਉੱਪਰ ਤੱਕ ਬੈਠਾ ਤੰਤਰ ਪ੍ਰੇਸ਼ਾਨ ਸੀ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਉਣ 'ਤੇ ਜੇਲ ਮੰਤਰੀ ਅਤੇ ਮਹਿਕਮੇ ਦੇ ਆਲ੍ਹਾ ਅਧਿਕਾਰੀਆਂ ਦੇ ਅੱਗੇ ਪੇਸ਼ੀ ਅਤੇ ਜਵਾਬਦੇਹੀ ਹੁੰਦੀ ਰਹਿੰਦੀ ਸੀ। ਸੂਤਰਾਂ ਮੁਤਾਬਕ ਹੁਣ ਸਥਾਨਕ ਜੇਲ ਪ੍ਰਸ਼ਾਸਨ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ, ਜਿਸ ਕਾਰਨ ਹੋ ਸਕਦਾ ਹੈ ਕਿ ਕੈਦੀਆਂ ਤੋਂ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਕਥਿਤ ਬਰਾਮਦਗੀ ਦੀ ਸੂਚਨਾ ਹੀ ਬਾਹਰ ਨਾ ਜਾਣ ਦਿੱਤੀ ਜਾਂਦੀ ਹੋਵੇ।

ਇਹ ਵੀ ਪੜ੍ਹੋ : 'ਆਪ' ਦੀ ਮੰਗ , ਗੁੰਮ ਹੋਏ ਸਰੂਪਾਂ ਦੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਰਿਟਾਇਰਡ ਸਿੱਖ ਜੱਜਾਂ ਤੋਂ ਕਰਵਾਈ ਜਾਵੇ

ਜੇਲ 'ਚ ਇਕ ਸਾਲ 'ਚ ਹੀ ਹੋਏ ਸਨ ਸੈਂਕੜੇ ਮੋਬਾਇਲ ਬਰਾਮਦ
ਜੇਲ 'ਚ ਕੈਦੀਆਂ ਨੂੰ ਮੋਬਾਇਲ ਨਾਲ ਕਿੰਨਾ ਪਿਆਰ ਹੈ। ਇਸ ਦਾ ਅੰਦਾਜ਼ਾ ਅੰਕੜਿਆਂ 'ਤੇ ਨਜ਼ਰ ਦੌੜਾਉਣ 'ਤੇ ਮਿਲਦਾ ਹੈ। ਅੰਕੜੇ ਬੋਲਦੇ ਹਨ ਕਿ ਜਦੋਂ ਵੀ ਜੇਲ ਦੀ ਛਾਣਬੀਨ ਹੋਈ ਤਾਂ ਜੇਲ ਦੀਆਂ ਬੈਰਕਾਂ ਤੋਂ ਇਲਾਵਾ ਕੋਨੇ-ਕੋਨੇ 'ਚੋਂ ਮੋਬਾਇਲ ਮਿਲੇ। ਇਨ੍ਹਾਂ ਵਿਚ ਪਿਛਲੇ ਇਕ ਸਾਲ ਵਿਚ ਹੀ ਕਰੀਬ 200 ਮੋਬਾਇਲ ਮਿਲੇ ਸਨ, ਜਿਸ ਤੋਂ ਬਾਅਦ ਕੇਂਦਰੀ ਜੇਲ ਲੁਧਿਆਣਾ ਕਾਫੀ ਚਰਚਾ ਵਿਚ ਰਹੀ ਸੀ ਅਤੇ ਇਹ ਬਰਾਮਦਗੀ ਦੇ ਕੇਸਾਂ ਵਿਚ ਥਾਣਾ ਡਵੀਜ਼ਨ ਨੰ. 7 ਨੇ ਜੇਲ ਪ੍ਰਸ਼ਾਸਨ ਦੀ ਸੂਚਨਾ 'ਤੇ ਕਈ ਕੇਸ ਦਰਜ ਕੀਤੇ ਸਨ, ਜਿਸ ਨੂੰ ਜੇਲ ਪ੍ਰਸ਼ਾਸਨ ਦੀ ਨਾਲਾਇਕੀ ਮੰਨਿਆ ਜਾ ਰਿਹਾ ਸੀ। ਹੋ ਸਕਦਾ ਹੈ ਕਿ ਹੁਣ ਹਾਲ ਹੀ ਦੇ ਦਿਨਾਂ ਵਿਚ ਜੇ ਕੋਈ ਬਰਾਮਦਗੀ ਹੋਈ ਵੀ ਹੋਵੇ ਤਾਂ ਉਸ ਦੀ ਸੂਚਨਾ ਬਾਹਰ ਨਾ ਆ ਸਕੀ ਹੋਵੇ ਪਰ ਇਸ 'ਤੇ ਕੋਈ ਵੀ ਅਧਿਕਾਰੀ ਟਿੱਪਣੀ ਕਰਨ ਲਈ ਤਿਆਰ ਨਹੀਂ, ਮਤਲਬ ਕਿ ਕੀ ਜੇਲ ਵਿਚ ਸੁਰੱਖਿਆ ਇੰਨੀ ਸਖਤ ਹੋ ਚੁੱਕੀ ਹੈ ਕਿ ਪਿਛਲੇ ਕਰੀਬ ਦੋ ਹਫਤੇ ਤੋਂ ਇਕ ਵੀ ਮੋਬਾਇਲ ਨਹੀਂ ਮਿਲਿਆ ਜਾਂ ਫਿਰ ਕੈਦੀ ਹੀ ਮੋਬਾਇਲ ਤੋਂ ਦੂਰੀ ਬਣਾਉਣ ਲੱਗੇ ਹਨ।

ਇਹ ਵੀ ਪੜ੍ਹੋ : 'ਲਵ ਮੈਰਿਜ' ਦਾ ਨਤੀਜਾ, ਪਤੀ ਸਣੇ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਜ਼ਿੰਦਗੀ ਬਣਾਈ ਨਰਕ


Anuradha

Content Editor

Related News