ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ''ਹੋਪ ਫਾਰ ਮਹਿਲ ਕਲਾਂ'' ਖੋਲ੍ਹੇਗੀ ਦਫ਼ਤਰ

Saturday, Oct 18, 2025 - 05:17 PM (IST)

ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ''ਹੋਪ ਫਾਰ ਮਹਿਲ ਕਲਾਂ'' ਖੋਲ੍ਹੇਗੀ ਦਫ਼ਤਰ

ਮਹਿਲ ਕਲਾਂ (ਹਮੀਦੀ): ਹਲਕਾ ਮਹਿਲ ਕਲਾਂ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੀ ਆਵਾਜ਼ ਉੱਚੇ ਪੱਧਰ ਤੱਕ ਪਹੁੰਚਾਉਣ ਲਈ ਸਮਾਜਿਕ ਸੰਸਥਾ “ਹੋਪ ਫਾਰ ਮਹਿਲ ਕਲਾਂ” ਵੱਲੋਂ ਜਲਦ ਹੀ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਹਲਕਾ ਮਹਿਲ ਕਲਾਂ ਦੇ ਹਿੰਮਤੀ ਤੇ ਜੁਝਾਰੂ ਲੋਕ ਹਮੇਸ਼ਾਂ ਹੱਕ ਤੇ ਸੱਚ ਲਈ ਲੜਦੇ ਆਏ ਹਨ, ਪਰ ਰਾਜਨੀਤਿਕ ਅਗਵਾਈ ਦੀ ਕਮਜ਼ੋਰੀ ਕਾਰਨ ਹਲਕੇ ਦੀਆਂ ਬਹੁਤ ਸਾਰੀਆਂ ਲੋਕ ਸਮੱਸਿਆਵਾਂ ਅਜੇ ਤੱਕ ਹੱਲ ਨਹੀਂ ਹੋ ਸਕੀਆਂ। 

ਇਹ ਖ਼ਬਰ ਵੀ ਪੜ੍ਹੋ - DIG ਹਰਚਰਨ ਸਿੰਘ ਭੁੱਲਰ ਮਾਮਲੇ 'ਚ ਵੱਡੇ ਖ਼ੁਲਾਸੇ

ਟਿੱਬਾ ਨੇ ਕਿਹਾ ਕਿ “ਹੋਪ ਫਾਰ ਮਹਿਲ ਕਲਾਂ” ਦਾ ਮੁੱਖ ਏਜੰਡਾ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਰਪੱਕ, ਮਜ਼ਬੂਤ ਅਤੇ ਟਿਕਾਊ ਲੀਡਰਸ਼ਿਪ ਦਾ ਵਿਕਲਪ ਉਭਾਰਨਾ ਹੈ, ਤਾਂ ਜੋ ਇਹ ਹਲਕਾ ਨਾ ਸਿਰਫ਼ ਸਮਾਜਿਕ ਸੰਘਰਸ਼ ਵਿੱਚ, ਸਗੋਂ ਰਾਜਨੀਤਿਕ ਮੰਚ ‘ਤੇ ਵੀ ਆਪਣੀ ਵੱਖਰੀ ਪਛਾਣ ਬਣਾਵੇ।ਉਨ੍ਹਾਂ ਦੱਸਿਆ ਕਿ ਜਨ ਸੰਪਰਕ ਮੁਹਿੰਮ ਤਹਿਤ ਸੰਸਥਾ ਵੱਲੋਂ ਹਰੇਕ ਪਿੰਡ ਤੱਕ ਪਹੁੰਚ ਕਰਕੇ ਦਲਿਤ, ਪਛੜੇ, ਮਜ਼ਦੂਰ, ਗਰੀਬ ਕਿਸਾਨ ਤੇ ਛੋਟੇ ਦੁਕਾਨਦਾਰ ਵਰਗਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਪੱਧਰ ‘ਤੇ 21 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਫ਼ਤਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਲੱਭਣ ਵਿੱਚ ਸਹਾਇਕ ਹੋਣਗੀਆਂ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ

ਕੁਲਵੰਤ ਸਿੰਘ ਟਿੱਬਾ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ “ਹੋਪ ਫਾਰ ਮਹਿਲ ਕਲਾਂ” ਨਾਲ ਜੁੜ ਕੇ ਆਮ ਲੋਕਾਂ ਦੀ ਭਲਾਈ ਲਈ ਹੋ ਰਹੇ ਯਤਨਾਂ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਹੀ ਸਰਕਾਰੀ ਦਫ਼ਤਰਾਂ ਵਿੱਚ ਹੋ ਰਹੀ ਆਮ ਲੋਕਾਂ ਦੀ ਖੱਜਲਖੁਆਰੀ ਨੂੰ ਘਟਾਇਆ ਜਾ ਸਕੇਗਾ। ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਹਰਸ਼ਦੀਪ ਸਿੰਘ (ਚੰਡੀਗੜ੍ਹ), ਹੰਸ ਰਾਜ ਦਹੀਆ (ਰਿਟਾਇਰਡ ਪੁਲਿਸ ਇੰਸਪੈਕਟਰ), ਹਰਧੰਨ ਸਿੰਘ ਟਿੱਬਾ, ਹੈਪੀ ਸ਼ਰਮਾ, ਕਰਮਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਮਾਹੀ ਅਤੇ ਗੁਰਦੀਪ ਸਿੰਘ ਸੰਧੂ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

 


author

Anmol Tagra

Content Editor

Related News