ਪਰਾਲੀ ਸਾੜਨ ਤੋਂ ਰੋਕਣ ਲਈ ਪੁਲਸ ਤੇ ਕਲੱਸਟਰ ਟੀਮ ਵੱਲੋਂ ਪਿੰਡਾਂ ਦਾ ਦੌਰਾ
Friday, Oct 17, 2025 - 08:16 PM (IST)

ਮਹਿਲ ਕਲਾਂ, (ਹਮੀਦੀ)- ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ਦੀ ਰਹਿਨੁਮਾਈ ਅਤੇ ਪੁਲਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਇਸ ਸੰਦਰਭ ਵਿੱਚ ਥਾਣਾ ਠੁੱਲੀਵਾਲ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਏ.ਐਸ.ਆਈ. ਜਸਵਿੰਦਰ ਸਿੰਘ ਦੀ ਨਿਗਰਾਨੀ ਵਿੱਚ ਕਲੱਸਟਰ ਵਜੀਦਕੇ ਕਲਾ ਦੀ ਟੀਮ ਵੱਲੋਂ ਪਿੰਡ ਠੁੱਲੀਵਾਲ, ਹਮੀਦੀ ਅਤੇ ਗੁਰਮ ਦਾ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਅਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਪਰਾਲੀ ਪ੍ਰਬੰਧਨ ਦੇ ਵਿਕਲਪਾਂ ਬਾਰੇ ਜਾਣੂ ਕਰਵਾਇਆ ਗਿਆ। ਟੀਮ ਨੇ ਗੁਰਮ ਪਿੰਡ ਵਿਖੇ ਕਿਸਾਨ ਗੁਰਚਰਨ ਸਿੰਘ ਨਾਲ ਵੀ ਮੁਲਾਕਾਤ ਕੀਤੀ, ਜਿਸ ਨੇ ਝੋਨੇ ਦੀ ਕਟਾਈ ਕਰ ਚੁੱਕੀ ਹੈ ਅਤੇ ਗੰਢਾ ਬਣਾਉਣ ਦੁਆਰਾ ਪਰਾਲੀ ਦੇ ਸਹੀ ਪ੍ਰਬੰਧ ਦਾ ਵਿਸ਼ਵਾਸ ਦਿੱਤਾ।
ਇਸ ਮੌਕੇ ਜਸਵਿੰਦਰ ਸਿੰਘ (ਏ.ਐਸ.ਆਈ.), ਸੁਨੀਲ ਕੁਮਾਰ ਅਤੇ ਕੁਲਵਿੰਦਰ ਸਿੰਘ (ਸਹਾਇਕ ਕਲੱਸਟਰ ਅਫ਼ਸਰ) ਹਾਜ਼ਰ ਸਨ। ਕਲੱਸਟਰ ਵਜੀਦੇਕਲਾ ਵੱਲੋਂ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਜਾਰੀ ਰੱਖਣ ਦਾ ਵੀ ਐਲਾਨ ਕੀਤਾ ਗਿਆ ਤਾਂ ਜੋ ਕਿਸਾਨ ਪਰਾਲੀ ਸਾੜਨ ਦੀ ਬਜਾਏ ਵਿਗਿਆਨਕ ਢੰਗ ਨਾਲ ਇਸਦਾ ਪ੍ਰਬੰਧ ਕਰ ਸਕਣ।