ਹੌਜਰੀ ਵਪਾਰੀ ਦੀ ਪਤਨੀ ਨੂੰ ਬੰਧਕ ਬਣਾ ਕੇ ਨੌਕਰ ਨੇ ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ

11/14/2019 3:56:17 PM

ਲੁਧਿਆਣਾ (ਰਿਸ਼ੀ)— 12 ਦਿਨ ਪਹਿਲਾਂ ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਰੱਖੇ ਇਕ ਨੇਪਾਲੀ ਨੌਕਰ ਨੇ ਆਪਣੇ 2 ਦੋਸਤਾਂ ਦੇ ਨਾਲ ਮਿਲ ਕੇ ਪੰਚਸ਼ੀਲ ਕਾਲੋਨੀ 'ਚ ਦਿਨ-ਦਿਹਾੜੇ ਵਾਰਦਾਤ ਕਰ ਦਿੱਤੀ। ਘਰ 'ਚ ਮੌਜੂਦ ਹੌਜ਼ਰੀ ਵਪਾਰੀ ਦੀ ਪਤਨੀ ਨਾਲ ਕੁੱਟਮਾਰ ਕਰਕੇ, ਉਸ ਨੂੰ ਬੰਦੀ ਬਣਾ ਕੇ ਅਲਮਾਰੀ 'ਚੋਂ 25 ਲੱਖ ਕੈਸ਼, 50 ਤੋਲੇ ਸੋਨੇ ਦੇ ਗਹਿਣੇ, 1 ਕਿਲੋ ਚਾਂਦੀ, 3 ਲੈਪਟਾਪ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਪਤਾ ਲਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਥਾਣਾ ਸਰਾਭਾ ਨਗਰ ਦੀ ਪੁਲਸ ਜਾਂਚ 'ਚ ਜੁਟ ਗਈ। ਹੌਜ਼ਰੀ ਵਪਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਮਾਧੋਪੁਰੀ 'ਚ ਬਵੇਜਾ ਬ੍ਰਦਰਜ਼ ਨਾਂ ਦੀ ਇਕ ਹੌਜ਼ਰੀ ਇਕਾਈ ਹੈ। ਬੁੱਧਵਾਰ ਸਵੇਰੇ ਉਸ ਦੇ ਦੋਵੇਂ ਬੇਟੇ ਸਕੂਲ ਚਲੇ ਗਏ। ਲਗਭਗ 10.30 ਵਜੇ ਉਹ ਵੀ ਪਤਨੀ ਸੋਨੀਆ ਨਾਲ ਨਾਸ਼ਤਾ ਕਰਕੇ ਫੈਕਟਰੀ ਚਲਾ ਗਿਆ। ਦੁਪਹਿਰ 1.20 ਵਜੇ ਜਦੋਂ ਬੇਟਾ ਰਾਘਵ ਸਕੂਲੋਂ ਘਰ ਵਾਪਸ ਆਇਆ ਤਾਂ ਉਨ੍ਹਾਂ ਨੂੰ ਵਾਰਦਾਤ ਬਾਰੇ ਪਤਾ ਲੱਗਾ। ਨੇਪਾਲੀ ਆਪਣੇ ਕੱਪÎੜਿਆਂ ਦਾ ਇਕ ਬੈਗ ਉੱਥੇ ਛੱਡ ਗਿਆ।

12ਵੀਂ 'ਚ ਪੜ੍ਹਦੇ ਬੇਟੇ ਨੇ ਦਰਵਾਜ਼ਾ ਤੋੜ ਕੇ ਖੋਲ੍ਹੇ ਮਾਂ ਦੇ ਹੱਥ-ਪੈਰ
ਪੀੜਤਾ ਨੇ ਦੱਸਿਆ ਕਿ ਉਹ ਆਪਣੇ ਕਮਰੇ 'ਚ ਆਰਾਮ ਕਰ ਰਹੀ ਸੀ, ਉਸੇ ਸਮੇਂ ਨੇਪਾਲੀ ਆਪਣੇ ਦੋ ਦੋਸਤਾਂ ਦੇ ਨਾਲ ਜ਼ਬਰਦਸਤੀ ਅੰਦਰ ਦਾਖਲ ਹੋਇਆ। ਉਸ ਦੇ ਹੱਥ ਵਿਚ ਪੇਚਕਸ ਅਤੇ ਤੇਜ਼ਧਾਰ ਹਥਿਆਰ ਸਨ। ਆਉਂਦੇ ਹੀ ਉਨ੍ਹਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਲਮਾਰੀ ਦੀ ਚਾਬੀ ਖੋਹ ਲਈ, ਜਿਸ ਤੋਂ ਬਾਅਦ ਉਸ ਨੂੰ ਚੁੰਨੀ ਨਾਲ ਬੈੱਡ ਨਾਲ ਬੰਨ੍ਹ ਦਿੱਤਾ ਅਤੇ ਅਲਮਾਰੀ 'ਚੋਂ ਸਾਰਾ ਸਾਮਾਨ ਚੋਰੀ ਕੀਤਾ। ਜਾਣ ਤੋਂ ਪਹਿਲਾਂ ਮੋਬਾਇਲ ਵੀ ਨਾਲ ਲੈ ਗਏ। ਜਦੋਂ 12ਵੀਂ 'ਚ ਪੜ੍ਹਦਾ ਬੇਟਾ ਸਕੂਲੋਂ ਵਾਪਸ ਆਇਆ ਤਾਂ ਮਾਂ ਘਰ ਵਿਚ ਚੀਕ ਰਹੀ ਸੀ। ਉਸ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਮਾਂ ਦੇ ਹੱਥ-ਪੈਰ ਖੋਲ੍ਹੇ।

2 ਦਿਨ ਪਹਿਲਾਂ ਹੀ ਕਸ਼ਮੀਰ ਦੇ ਵਪਾਰੀਆਂ ਤੋਂ ਲੈ ਕੇ ਆਇਆ ਸੀ ਐਡਵਾਂਸ ਦੀ ਨਕਦੀ
ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਕਸ਼ਮੀਰ ਤੋਂ ਵਾਪਸ ਆਇਆ ਸੀ। ਉੱਥੋਂ ਦੇ ਵਪਾਰੀਆਂ ਤੋਂ ਆਰਡਰ ਲੈ ਕੇ ਆਇਆ ਸੀ। ਉਨ੍ਹਾਂ ਵੱਲੋਂ ਹੀ ਐਡਵਾਂਸ ਪੈਸੇ ਦਿੱਤੇ ਗਏ ਸਨ, ਜੋ ਘਰ 'ਚ ਰੱਖੇ ਸਨ ਅਤੇ ਨਾਲ ਉਨ੍ਹਾਂ ਨੇ ਦਸੰਬਰ ਵਿਚ ਉਨ੍ਹਾਂ ਦੇ ਬੇਟਾ ਦੇ ਕੈਨੇਡਾ ਤੋਂ ਵਾਪਸ ਆਉਣ 'ਤੇ ਪਾਰਟੀ ਕਰਨੀ ਸੀ, ਉਸ ਦੀਆਂ ਤਿਆਰੀਆਂ ਕਾਰਨ ਸਾਰਾ ਗੋਲਡ ਘਰ ਰੱਖਿਆ ਹੋਇਆ ਸੀ।

ਆਪਣੇ ਨਾਂ 'ਤੇ ਸਿਮ ਵੀ ਲੈ ਕੇ ਦਿੱਤਾ ਸੀ ਨੇਪਾਲੀ ਨੌਕਰ ਨੂੰ
ਪੁਲਸ ਮੁਤਾਬਕ ਮਾਲਕ ਵੱਲੋਂ 12 ਦਿਨ ਪਹਿਲਾਂ ਆਪਣੀ ਜਾਣ-ਪਛਾਣ ਦੇ ਕਿਸੇ ਵਿਅਕਤੀ ਰਾਹੀਂ ਉਕਤ ਨੇਪਾਲੀ ਰੱਖਿਆ ਗਿਆ ਸੀ ਪਰ ਉਸ ਸਬੰਧੀ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ ਸੀ। ਨੇਪਾਲੀ ਨੂੰ ਆਪਣੇ ਨਾਂ 'ਤੇ ਨਵਾਂ ਸਿਮ ਕਾਰਡ ਵੀ ਲੈ ਕੇ ਦਿੱਤਾ ਸੀ। ਪੁਲਸ ਮੁਤਾਬਕ ਜਿਸ ਵਿਅਕਤੀ ਰਾਹੀਂ ਨੇਪਾਲੀ ਨੌਕਰ ਰੱਖਿਆ ਗਿਆ ਸੀ, ਉਸ ਸਬੰਧੀ ਵੀ ਕੁਝ ਪਤਾ ਨਹੀਂ ਲਗ ਰਿਹਾ, ਜਦੋਂਕਿ ਘਰ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕਰਨ 'ਤੇ ਸਾਹਮਣੇ ਆਇਆ ਕਿ ਨੇਪਾਲੀ ਦੇ ਦੋਸਤ ਸਵੇਰੇ 11.20 ਵਜੇ ਘਰ ਵਿਚ ਦਾਖਲ ਹੋਏ ਜੋ ਵਾਰਦਾਤ ਕਰ ਕੇ 12.30 ਵਜੇ ਚਲੇ ਗਏ।

ਅੱਜ ਤੱਕ ਚੋਰੀ-ਲੁੱਟ ਕਰਕੇ ਭੱਜੇ ਇਕ ਵੀ ਨੇਪਾਲੀ ਨੌਕਰ ਨੂੰ ਨਹੀਂ ਫੜ ਸਕੀ ਪੁਲਸ
ਲੁਧਿਆਣਾ ਪੁਲਸ ਦਾ ਇਤਿਹਾਸ ਹੈ ਕਿ ਅੱਜ ਤੱਕ ਉਨ੍ਹਾਂ ਵੱਲੋਂ ਇਕ ਵੀ ਨੇਪਾਲੀ ਨੌਕਰ ਨੂੰ ਫੜਿਆ ਨਹੀਂ ਜਾ ਸਕਿਆ, ਜਦੋਂਕਿ ਨੇਪਾਲੀ ਨੌਕਰਾਂ ਵੱਲੋਂ ਕੀਤੀਆਂ ਗਈਆਂ 100 ਫੀਸਦੀ ਚੋਰੀ, ਡਕੈਤੀ ਦੀਆਂ ਵਾਰਦਾਤਾਂ ਅਣਸੁਲਝੀਆਂ ਹੋਈਆਂ ਹਨ। ਸੀ. ਪੀ. ਵੱਲੋਂ ਸਖਤੀ ਕਰਨ ਤੋਂ ਬਾਅਦ ਵੀ ਲੁਧਿਆਣਵੀ ਨੌਕਰ ਰੱਖਣ ਤੋਂ ਪਹਿਲਾਂ ਉਸ ਦੇ ਆਈ. ਡੀ. ਪਰੂਫ ਅਤੇ ਪੁਲਸ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਨਹੀਂ ਸਮਝ ਰਹੇ। ਇਸੇ ਗੱਲ ਦਾ ਫਾਇਦਾ ਲੈ ਕੇ ਨੇਪਾਲੀਆਂ ਵੱਲੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦਾ ਕੋਈ ਵੀ ਪਰੂਫ ਜਾਂ ਅਤਾ-ਪਤਾ ਨਾ ਹੋਣ ਕਰ ਕੇ ਪੁਲਸ ਹੱਥ 'ਤੇ ਹੱਥ ਧਰੀ ਬੈਠੀ ਹੈ।


shivani attri

Content Editor

Related News