ਹੋਮ ਡਲਿਵਰੀ ਦੀ ਪੁਲਸ ਪ੍ਰਸ਼ਾਸ਼ਨ ਕਰ ਰਹੀ ਹੈ ਲਗਾਤਾਰ ਚੈਕਿੰਗ: ਐੱਸ.ਐੱਸ.ਪੀ, ਡੀ.ਸੀ
Thursday, Mar 26, 2020 - 10:47 AM (IST)
ਬੁਢਲਾਡਾ (ਮਨਜੀਤ): ਜ਼ਿਲਾ ਪ੍ਰਸ਼ਾਸਨ ਵਲੋਂ ਸ਼ਹਿਰਾਂ 'ਚ ਹੋਮ ਡਲਿਵਰੀ ਦੇ ਕਰਫਿਊ ਦੇ ਮੱਦੇਨਜ਼ਰ ਘਰ-ਘਰ ਭੇਜੇ ਜਾ ਰਹੇ ਲੋਕਾਂ ਲਈ ਜ਼ਰੂਰੀ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਦੁੱੱਧ, ਸਬਜ਼ੀਆਂ, ਦਵਾਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਲਗਾਤਾਰ ਜਾਰੀ ਹੈ। ਅੱਜ ਬੁਢਲਾਡਾ ਵਿਖੇ ਡੀ.ਸੀ ਅਤੇ ਐੱਸ.ਐੱਸ.ਪੀ. ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਹੋਮ ਡਲਿਵਰੀ ਦੌਰਾਨ ਭੇਜੇ ਜਾਂਦੇ ਸਮਾਨ ਦੀ ਚੈਕਿੰਗ ਕੀਤੀ ਅਤੇ ਉਸ ਨੂੰ ਵੰਡਣ ਲਈ ਟੀਮਾਂ ਨੂੰ ਰਵਾਨਾ ਕੀਤਾ।
ਡੀ.ਸੀ. ਗੁਰਪਾਲ ਸਿੰਘ ਚਹਿਲ, ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਨੇ ਕਿਹਾ ਕਿ ਕੋਰੋਨਾ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ। ਬਿਹਤਰ ਹੈ ਕਿ ਅਸੀਂ ਘਰਾਂ ਤੋਂ ਬਾਹਰ ਨਾ ਜਾਈਏ ਅਤੇ ਇੱਕ-ਦੂਜੇ ਨੂੰ ਵੀ ਇਹੀ ਸਲਾਹ ਦੇਈਏ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰ-ਘਰ ਬੈਠੇ ਜ਼ਰੂਰੀ ਸਾਮਾਨ ਦੀ ਸਪਲਾਈ ਪਹੁੰਚੇਗੀ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ਦੇ ਪੈਕੇਟ ਸੈਨੇਟਾਈਜ਼ਰ ਕਰਕੇ ਲੋਕਾਂ ਦੇ ਘਰਾਂ ਤੱਕ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੁਢਲਾਡਾ ਸ਼ਹਿਰ ਨੂੰ ਵੀ ਸੈਨੇਟਾਈਜ਼ਰ ਕੀਤਾ ਜਾਵੇਗਾ। ਲੋਕਾਂ ਨੂੰ ਇਸ ਵਿੱਚ ਸਹਿਯੋਗ ਦੇਣਾ ਬਣਦਾ ਹੈ।
ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਸ਼ੁੱਭ ਸੰਕੇਤ ਹੈ ਕਿ ਲਾਕਡਾਊਨ ਤੋਂ ਬਾਅਦ ਦੇਸ਼ 'ਚ ਕੋਰੋਨਾ ਦੇ ਮਾਮਲੇ ਕੁਝ ਘਟੇ ਹਨ। ਜੇਕਰ ਲੋਕ ਇਸੇ ਤਰ੍ਹਾਂ ਘਰਾਂ ਵਿੱਚ ਰਹਿਣ ਅਤੇ ਭੀੜ ਭੜਕੇ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ ਅਤੇ ਸਾਨੂੰ ਇਸ ਮਹਾਂਮਾਰੀ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਜੇਕਰ ਕਿਸੇ ਵੀ ਪਾਸੇ ਕੋਈ ਸ਼ੱਕੀ ਮਰੀਜ਼ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਹੈਲਪ ਲਾਈਨ ਨੰਬਰਾਂ ਤੇ ਦਿੱਤੀ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਸਾਰੇ ਇੰਤਜਾਮ ਮੁੰਕਮਲ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਵਿਸ਼ਵਾਸ਼ ਅਤੇ ਇੱਕਜੁੱਟਤਾ ਨਾਲ ਕੋਰੋਨਾ ਨੂੰ ਹਰਾ ਦੇਵਾਂਗੇ। ਇਸ ਮੌਕੇ ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ, ਕਲੱਬਾਂ, ਸੰਗਠਨਾਂ ਦੇ ਮੁੱਖੀਆਂ ਨਾਲ ਮੀਟਿੰਗ ਕਰਕੇ ਸਾਥ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕਾਂ ਦੇ ਘਰਾਂ ਤੱਕ ਜਰੂਰੀ ਵਸਤਾਂ ਪਹੁੰਚਾਉਣ ਵਿੱਚ ਉਹ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਦਾ ਸਾਥ ਦੇਣ। ਐੱਸ.ਐੱਸ.ਪੀ ਡਾ: ਭਾਰਗਵ ਨੇ ਕਿਹਾ ਕਿ ਪੁਲਸ ਲੋਕਾਂ ਦੀ ਸੁਰੱਖਿਆ ਲਈ ਹੈ, ਲੋਕਾਂ ਨੂੰ ਪਰੇਸ਼ਾਨ ਕਰਨਾ ਕੋਈ ਮਕਸਦ ਨਹੀਂ। ਇਸ ਵਾਸਤੇ ਇੱਕ ਇਹਿਆਤ ਰੱਖ ਕੇ ਇਸ ਵਿੱਚ ਸਹਿਯੌਗ ਬਣਾਈ ਰੱਖਣ। ਇਸ ਮੌਕੇ ਐੱਸ.ਐੱਸ.ਪੀ ਮਾਨਸਾ ਵੱਲੋਂ ਸੈਨੀਟਾਈਜਰ ਅਤੇ ਮਾਸਕ ਵੰਡੇ ਗਏ ਹਨ। ਇਸ ਮੌਕੇ ਡੀ.ਐੱਸ.ਪੀ ਜਸਪਿੰਦਰ ਸਿੰਘ ਗਿੱਲ, ਐੱਸ.ਐੱਚ.ਓ ਸਿਟੀ ਗੁਰਦੀਪ ਸਿੰਘ, ਸਬਜੀ ਮੰਡੀ ਯੂਨੀਅਨ ਦੇ ਪ੍ਰਧਾਨ ਰਾਧੇ ਸ਼ਿਆਮ, ਰਾਜੂ ਸ਼ਰਮਾ, ਮਾਰਕਿਟ ਕਮੇਟੀ ਬੁਢਲਾਡਾ ਦੇ ਅਧਿਕਾਰੀ ਬਲਵਿੰਦਰ ਕੌਰ, ਬਲਜਿੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।