ਹੁਣ ਹਿੰਦੂ ਆਗੂ ਵਲੋਂ ਗੁਰੂ ਸਾਹਿਬ ’ਤੇ ਇਤਰਾਜ਼ਯੋਗ ਟਿੱਪਣੀ!

1/16/2021 2:35:19 PM

ਬਠਿੰਡਾ (ਜ.ਬ.): ਪਹਿਲਾਂ ਭਾਜਪਾ ਆਗੂ ਤੇ ਹੁਣ ਇਕ ਪ੍ਰਮੁੱਖ ਹਿੰਦੂ ਆਗੂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ’ਤੇ ਟਿੱਪਣੀ ਕੀਤੇ ਜਾਣ ਨੂੰ ਸਿੱਖ ਜਥੇਬੰਦੀਆਂ ਨੇ ਇਤਰਾਜ਼ਯੋਗ ਕਰਾਰ ਦਿੱਤਾ ਹੈ। ਜਿਨ੍ਹਾਂ ਨੇ ਪੁਲਸ ਕਾਰਵਾਈ ਦੀ ਮੰਗ ਵੀ ਕੀਤੀ ਹੈ।ਅੱਜ ਇਥੇ ਗੱਲਬਾਤ ਕਰਦਿਆਂ ਹਰਦੀਪ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਦਲ ਖਾਲਸਾ, ਗੁਰਸੇਵਕ ਸਿੰਘ ਦਲ ਖਾਲਸਾ, ਪਰਮਿੰਦਰ ਸਿੰਘ ਬਾਲਿਆਂਵਾਲੀ ਪ੍ਰਧਾਨ ਜ਼ਿਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਇਕ ਅਖਬਾਰ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਦਾ ਬਿਆਨ ਹੈ ਕਿ ਮੋਦੀ ਸਰਕਾਰ ਦਾ ਰਾਮ ਮੰਦਰ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਹੈ, ਕਿਉਂਕਿ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ ਰਾਮ ਮੰਦਰ ਬਨਣਾ ਚਾਹੀਦਾ ਹੈ। ਉਕਤ ਸਿੱਖ ਆਗੂਆਂ ਨੇ ਗਿੱਲ ਦੇ ਇਸ ਬਿਆਨ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਜਿਹਾ ਕਦੇ ਨਹੀਂ ਕਿਹਾ ਕਿ ਇਕ ਧਰਮ ਦਾ ਸਥਾਨ ਢਾਹ ਕੇ ਦੂਸਰੇ ਧਰਮ ਦਾ ਸਥਾਨ ਬਣਾਇਆ ਜਾਵੇ।

ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ 

ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਖਾਤਰ ਭਾਜਪਾ ਸਰਕਾਰ ਦੇ ਕਹਿਣ ’ਤੇ ਕੈਪਟਨ ਸਰਕਾਰ ਇਹ ਸਾਜਿਸ਼ਾਂ ਰਚ ਰਹੀ ਹੈ। ਪਹਿਲਾਂ ਇਕ ਭਾਜਪਾ ਆਗੂ ਤੋਂ ਅਜਿਹਾ ਹੀ ਬਿਆਨ ਦਿੱਤਾ ਗਿਆ, ਫਿਰ ਉਸਨੂੰ ਗੰਨਮੈਨ ਦਿੱਤੇ ਗਏ | ਹੁਣ ਉਕਤ ਦੇ ਹੀ ਸਾਥੀ ਹਰਪ੍ਰੀਤ ਸਿੰਘ ਗਿੱਲ ਤੋਂ ਇਤਰਾਜ਼ਯੋਗ ਟਿੱਪਣੀ ਕਰਵਾ ਕੇ ਉਸਨੂੰ ਵੀ ਗੰਨਮੈਨ ਦਿੱਤੇ ਜਾ ਰਹੇ ਹਨ। ਸਰਕਾਰ ਚਾਹੁੰਦੀ ਹੈ ਕਿ ਹਿੰਦੂ-ਮੁਸਲਿਮ-ਸਿੱਖ ਭਾਈਚਾਰੇ ’ਚ ਤਰੇੜਾਂ ਪਾ ਕੇ ਦੰਗੇ ਭੜਕਾਏ ਜਾਣ, ਕਿਉਂਕਿ ਕਿਸਾਨ ਅੰਦੋਲਨ ’ਚ ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕ ਇਕਜੁਟ ਹੋ ਕੇ ਡਟੇ ਹੋਏ ਹਨ। ਆਗੂਆਂ ਨੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾਵੇ। ਉਨ੍ਹਾਂ ਐੱਸ. ਐੱਸ. ਪੀ. ਭੁਪਿੰਦਰ ਸਿੰਘ ਵਿਰਕ ਨੂੰ ਸ਼ਿਕਾਇਤ ਪੱਤਰ ਦੇ ਕੇ ਗਿੱਲ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ 'ਪੰਜਾਬ'


Shyna

Content Editor Shyna