51 ਕਰੋਡ਼ ਦੀ ਹੈਰੋਇਨ ਸਮੇਤ ਫਡ਼ੇ ਗਏ ਜੋਡ਼ੇ ਨੇ ਕੀਤੇ ਅਹਿਮ ਖੁਲਾਸੇ

Saturday, Dec 01, 2018 - 05:45 AM (IST)

51 ਕਰੋਡ਼ ਦੀ ਹੈਰੋਇਨ ਸਮੇਤ ਫਡ਼ੇ ਗਏ ਜੋਡ਼ੇ ਨੇ ਕੀਤੇ ਅਹਿਮ ਖੁਲਾਸੇ

ਲੁਧਿਆਣਾ, (ਅਨਿਲ)- ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਬੀਤੇ ਦਿਨ 51 ਕਰੋਡ਼ ਦੀ ਹੈਰੋਇਨ ਨਾਲ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਐੱਸ. ਟੀ. ਐੱਫ. ਨੇ ਦੋਵਾਂ ਨਸ਼ਾ ਸਮੱਗਲਰਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 6 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਅੱਜ ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਫਡ਼ੇ ਗਏ ਮੁਲਜ਼ਮ ਮੁਹੰਮਦ ਅਰਬੀ ਤੇ ਉਸ ਦੀ ਪਤਨੀ ਜ਼ਮੀਲਾ ਬੇਗਮ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਮੁਹੰਮਦ ਅਰਬੀ ਹੈਰੋਇਨ ਦੀ ਖੇਪ ਪਾਕਿਸਤਾਨ ’ਚ ਬੈਠੇ ਨਸ਼ਾ ਸਮੱਗਲਰਾਂ ਨੂੰ ਵਟਸਐਪ ’ਤੇ ਫੋਨ ਕਰ ਕੇ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਉਸ ਨੂੰ ਖੇਪ ਮਿਲਣ ਤੋਂ ਬਾਅਦ ਉਹ ਅੱਗੇ ਆਪਣੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ। ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਸਮੱਗਲਰ ਨੇ ਆਪਣੀ ਇਕ ਟ੍ਰਾਂਸਪੋਰਟ ਕੰਪਨੀ ਵੀ ਬਣਾ ਰੱਖੀ ਹੈ, ਜਿਸ ’ਚ ਉਸ ਦੀ ਕੰਪਨੀ ਦੇ ਕਈ ਟਰੱਕ ਜੰਮੂ-ਕਸ਼ਮੀਰ ਤੋਂ ਫਲਾਂ ਦੀ ਸਪਲਾਈ ਲੈ ਕੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਨੂੰ ਆਉਂਦੇ-ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਟਰੱਕਾਂ ’ਚ ਨਸ਼ਾ ਤਾਂ ਨਹੀਂ  ਸਪਲਾਈ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਨੇ ਆਪਣੇ ਕਈ ਸਾਥੀਆਂ ਦੇ ਨਾਂ ਵੀ ਐੱਸ. ਟੀ. ਐੱਫ. ਨੂੰ ਦੱਸੇ ਹਨ ਤੇ ਇਹ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਅੱਗੇ ਨਸ਼ਾ ਸਪਲਾਈ ਕਰਦਾ ਸੀ, ਇਸ ਸਬੰਧੀ ਇਕ ਲਿਸਟ ਤਿਆਰ ਕੀਤੀ ਜਾ ਰਹੀ ਹੈ। ਇਸ ਸਬੰਧੀ ਐੱਸ. ਟੀ. ਐੱਫ. ਜਲਦ ਹੀ ਖੁਲਾਸਾ ਕਰੇਗੀ। ਹਰਬੰਸ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਐੱਸ. ਟੀ. ਐੱਫ. ਇਸ ਸਾਰੇ ਰੈਕਟ ਤੋਂ ਪਰਦਾ ਚੁੱਕ ਕੇ ਹੋਰਨਾਂ ਮੁਲਜ਼ਮਾਂ ਖਿਲਾਫ ਵੀ ਕਾਰਵਾਈ ਕਰੇਗੀ।


Related News