ਜਦੋਂ ਸਿਹਤ ਮੰਤਰੀ ਦੇ ਕਾਫ਼ਲੇ ਨੂੰ ਵੀ ਪਾਣੀ ਵਿੱਚੋਂ ਦੀ ਲੰਘਣਾ ਪਿਆ ਤਾਂ ...
Thursday, Jun 01, 2023 - 02:13 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) : ਸੀ. ਐੱਮ. ਸਿਟੀ ਸੰਗਰੂਰ ’ਚ ਪਾਣੀ ਦੀ ਨਿਕਾਸੀ ਦਾ ਲੰਮੇ ਸਮੇਂ ਤੋਂ ਮੰਦੜਾ ਹਾਲ ਹੈ ਤੇ ਬੀਤੇ ਦਿਨ ਸੰਗਰੂਰ ਆਏ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੂੰ ਵੀ ਇਸ ਸਮੱਸਿਆ ਨਾਲ ਦੋ-ਚਾਰ ਹੋਣਾ ਪਿਆ, ਜਿਸ ’ਤੇ ਸਿਹਤ ਮੰਤਰੀ ਨੇ ਸਿਹਤ ਅਧਿਕਾਰੀਆਂ ਦੀ ਖ਼ੂਬ ਕਲਾਸ ਲਗਾਈ। ਦੱਸਣਯੋਗ ਹੈ ਸਿਹਤ ਮੰਤਰੀ ਬਲਵੀਰ ਸਿੰਘ ਸੰਗਰੂਰ ਵਿਖੇ ਸਥਿਤ ਆਡੀਟੋਰੀਅਮ ’ਚ ਹੋਮੀ ਭਾਬਾ ਹਸਪਤਾਲ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਸਬੰਧ ’ਚ ਆਯੋਜਿਤ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ ਸਨ। ਇਸ ਦੌਰਾਨ ਉਹ ਹੋਮੀ ਭਾਬਾ ਹਸਪਤਾਲ ਦਾ ਦੌਰਾ ਕਰਨ ਲਈ ਪੁੱਜੇ ਪਰ ਹਸਪਤਾਲ ’ਚ ਮੀਂਹ ਪੈਣ ਕਾਰਨ ਤੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਹਸਪਤਾਲ ’ਚ ਪਾਣੀ ਹੀ ਪਾਣੀ ਖੜ੍ਹਾ ਸੀ। ਜਿਸ ਕਾਰਨ ਮੰਤਰੀ ਦੇ ਕਾਫ਼ਲੇ ਨੂੰ ਇਸੇ ਪਾਣੀ ਵਿੱਚੋਂ ਲੰਘਣਾ ਪਿਆ। ਖੜ੍ਹੇ ਪਾਣੀ ’ਚੋਂ ਲੰਘਣ ਤੋਂ ਬਾਅਦ ਖਫ਼ਾ ਹੋਏ ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਤੇ ਸਖ਼ਤੀ ਨਾਲ ਪਾਣੀ ਦੀ ਨਿਕਾਸੀ ਦਾ ਜਲਦ ਤੋਂ ਜਲਦ ਪ੍ਰਬੰਧ ਕਰਨ ਲਈ ਕਿਹਾ।
ਇਹ ਵੀ ਪੜ੍ਹੋ- ਲੰਬੀ ਹਲਕੇ ਦੇ ਨਾਂ ਬੋਲਦੈ ਇਹ ਰਿਕਾਰਡ, ਦਹਾਕਿਆਂ ਤੋਂ ਚੱਲ ਰਹੀ ਰਵਾਇਤ 'ਤੇ ਮੁੜ ਲੱਗੀ ਮੋਹਰ
ਮਰੀਜ਼ ਵੀ ਪਾਣੀ ਕਾਰਨ ਹੋ ਰਹੇ ਸਨ ਖੱਜਲ-ਖੁਆਰ
ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਹਸਪਤਾਲ ’ਚ ਪਾਣੀ ਦੀ ਨਿਕਾਸੀ ਦੇ ਠੋਸ ਪ੍ਰਬੰਧ ਨਾ ਹੋਣ ਕਾਰਨ ਭਾਵੇਂ ਇਕ ਦਿਨ ’ਚ ਪ੍ਰੇਸ਼ਾਨ ਹੋ ਗਏ ਪਰ ਇਥੇ ਆਉਣ ਵਾਲੇ ਮਰੀਜ਼ਾਂ ਨੂੰ ਤਾਂ ਨਿੱਤ ਦਿਨ ਉਕਤ ਸਮੱਸਿਆ ਨਾਲ ਸਾਹਮਣਾ ਕਰਨਾ ਪੈਂਦਾ ਹੈ। ਫਿਰ ਜਦੋਂ 'ਜਗ ਬਾਣੀ' ਟੀਮ ਵੱਲੋਂ ਹਸਪਤਾਲ ਜਾ ਕੇ ਵੇਖਿਆ ਗਿਆ ਤਾਂ ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਉਡੀਕ ਵਾਲੀ ਥਾਂ ’ਤੇ ਲਾਏ ਬੈਂਚਾਂ ’ਤੇ ਬੈਠੇ ਸਨ ਅਤੇ ਇਨ੍ਹਾਂ ਬੈਂਚਾਂ ਦੇ ਆਲੇ-ਦੁਆਲੇ ਪਾਣੀ ਹੀ ਪਾਣੀ ਇਕੱਠਾ ਹੋਇਆ ਖੜ੍ਹਾ ਸੀ। ਮਰੀਜ਼ ਬਹੁਤ ਮੁਸ਼ਕਿਲ ਹਾਲਾਤ ’ਚ ਪਾਣੀ ਵਿਚ ਹੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਇਸ ਮੌਕੇ ਮਰੀਜ਼ਾਂ ਨੇ ਗੱਲ ਕਰਦਿਆਂ ਕਿਹਾ ਕਿ ਇਕ ਤਾਂ ਮਰੀਜ਼ ਪਹਿਲਾਂ ਹੀ ਆਪਣੀ ਬੀਮਾਰੀ ਕਾਰਨ ਪ੍ਰੇਸ਼ਾਨ ਹੁੰਦੇ ਹਨ ਤੇ ਉਤੋਂ ਇਥੇ ਖੜ੍ਹਦਾ ਪਾਣੀ ਪ੍ਰੇਸ਼ਾਨੀਆਂ ’ਚ ਹੋਰ ਵਾਧਾ ਕਰਦਾ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਗਰਭਵਤੀ ਤੇ ਕੁੱਖ 'ਚ ਪਲ ਰਹੇ ਬੱਚੇ ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।