ਜੇਲ ’ਚ ਲੁਕੋਏ ਮੋਬਾਇਲਾਂ ਦੀ ਸੂਚਨਾ ਦੇਣ ’ਤੇ ਨਿਗਰਾਨ ਕੈਦੀ ਦਾ ਪਾਡ਼ਿਆ ਸਿਰ
Tuesday, Sep 11, 2018 - 07:02 AM (IST)

ਲੁਧਿਆਣਾ, (ਸਿਆਲ)- ਤਾਜਪੁਰ ਰੋਡ, ਕੇਂਦਰੀ ਜੇਲ ਵਿਚ ਦੋ ਬੰਦੀਆਂ ਨੇ ਇਕ ਨਿਗਰਾਨ ਕੈਦੀ ’ਤੇ ਸਟੀਲ ਦੇ ਭਾਂਡੇ ਨਾਲ ਹਮਲਾ ਕਰ ਕੇ ਉਸ ਦਾ ਸਿਰ ਪਾਡ਼ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਕਤ ਨਿਗਰਾਨ ਕੈਦੀ ਦੇ ਸਿਰ ਵਿਚ 6 ਟਾਂਕੇ ਲੱਗੇ।
®ਮਿਲੀ ਜਾਣਕਾਰੀ ਮੁਤਾਬਕ ਥਾਣਾ ਡਾਬਾ ਵਿਚ ਕਤਲ ਕੇਸ ਵਿਚ ਨਾਮਜ਼ਦ ਕੈਦੀ ਵਿਜੇ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਨਿਗਰਾਨ ਕੈਦੀ ਵਜੋਂ ਜੇਲ ਵਿਚ ਮੁਸ਼ੱਕਤ ਕਰ ਰਿਹਾ ਹੈ। ਅੱਜ ਸਵੇਰੇ ਸੈਂਟਰਲ ਬਲਾਕ ਦੀ ਬੈਰਕ ਨੰਬਰ 1 ਵਿਚ ਦੋ ਬੰਦੀਆਂ ਨੇ ਨਿਗਰਾਨ ਕੈਦੀ ਦਾ ਕਿਸ ਕਾਰਨ ਸਿਰ ਪਾਡ਼ਿਆ, ਇਸ ਬਾਰੇ ਸਿਵਲ ਹਸਪਤਾਲ ’ਚ ਵਿਜੇ ਕੁਮਾਰ ਨੇ ਕਿਹਾ ਕਿ ਉਸ ਦੇ ਕੋਲ ਇਕ ਗੁਪਤਾ ਸੂਚਨਾ ਸੀ ਕਿ ਦੋ ਬੰਦੀਆਂ ਨੇ ਵੱਖ-ਵੱਖ ਥਾਵਾਂ ’ਤੇ ਮੋਬਾਇਲ ਲੁਕੋ ਰੱਖੇ ਸਨ, ਜਿਸ ਦੀ ਸੂਚਨਾ ਦੌਰੇ ’ਤੇ ਆਉਣ ਵਾਲੇ ਜੇਲ ਅਧਿਕਾਰੀਆਂ ਨੂੰ ਦੇਣੀ ਸੀ ਪਰ ਉਕਤ ਬੰਦੀਆਂ ਨੂੰ ਸੂਚਨਾ ਦੀ ਭਿਣਕ ਪੈ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਇਕ ਯੋਜਨਾ ਤਹਿਤ ਕਥਿਤ ਤੌਰ ’ਤੇ ਜ਼ਬਰਦਸਤੀ ਉਸ ਦੀ ਜੇਬ ਵਿਚ 100 ਰੁਪਏ ਪਾ ਦਿੱਤੇ। ਇੰਨੇ ਵਿਚ ਜਦੋਂ ਜੇਲ ਅਧਿਕਾਰੀ ਦੌਰੇ ’ਤੇ ਆਏ ਤਾਂ ਦੋਵਾਂ ਬੰਦੀਆਂ ਨੇ ਤੁਰੰਤ ਕਹਿ ਦਿੱਤਾ ਕਿ ਨਿਗਰਾਨ ਕੈਦੀ ਸਾਡੇ ਤੋਂ ਪੈਸੇ ਵਸੂਲਦਾ ਹੈ ਅਤੇ ਮੇਰੀ ਜੇਬ ਤੋਂ 100 ਰੁਪਏ ਕੱਢ ਕੇ ਅਧਿਕਾਰੀਆਂ ਨੂੰ ਦਿਖਾ ਦਿੱਤੇ। ਨਿਗਰਾਨ ਕੈਦੀ ਵਿਜੇ ਕੁਮਾਰ ਨੇ ਪੱਖ ਰੱਖਦੇ ਹੋਏ ਜੇਲ ਅਧਿਕਾਰੀਆਂ ਨੂੰ ਦੱਸਿਆ ਕਿ ਉਕਤ ਦੋਸ਼ੀ ਲੁਕੋਏ ਗਏ ਮੋਬਾਇਲਾਂ ਦੀ ਸੂਚਨਾ ਮੇਰੇ ਵੱਲੋਂ ਦੇਣ ’ਤੇ ਝੂਠਾ ਦੋਸ਼ ਲਾ ਰਹੇ ਹਨ, ਜਿਸ ਦਾ ਖਮਿਆਜ਼ਾ ਮੈਨੂੰ ਆਪਣਾ ਸਿਰ ਪਡ਼ਵਾ ਕੇ ਭੁਗਤਣਾ ਪਿਆ। ®ਉਧਰ, ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਕਤ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਤੱਥ ਸਾਹਮਣੇ ਆਉਣ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।