2019 ਦੀਆਂ ਲੋਕ ਸਭਾ ਚੋਣਾਂ 'ਚ 'ਆਪ' ਸਿਰਜੇਗੀ ਇਤਿਹਾਸ: ਹਰਪਾਲ ਸਿੰਘ ਚੀਮਾ

10/11/2018 12:03:21 PM

ਨਾਭਾ (ਜਗਨਾਰ)—ਜਦੋਂ ਤੋਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਹਰੇਕ ਵਰਗ ਤਰਾਹ-ਤਰਾਹ ਕਰ ਰਿਹਾ ਹੈ, ਕਿਉਂ ਜੋ ਆਸਮਾਨ ਛੂੰਹਦੀ ਮਹਿੰਗਾਈ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਕੋਈ ਠੋਸ ਉਪਰਾਲਾ ਨਹੀਂ ਕਰ ਸਕੀ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਐਡਵੋ. ਹਰਪਾਲ ਸਿੰਘ ਚੀਮਾ ਨੇ ਨਾਭਾ ਵਿਖੇ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ।| ਉਨ੍ਹਾਂ ਕਿਹਾ ਕਿ ਜਿੱਥੇ ਅੱਜ ਸਿੱਖਿਆ ਦੇਣ ਵਾਲੇ ਅਧਿਆਪਕ ਆਪਣੀਆਂ ਮੰਗਾਂ ਲਈ ਧਰਨੇ ਦੇ ਰਹੇ ਹਨ, ਉੱਥੇ ਕਰਜ਼ਾ ਨਾ ਮੁਆਫ ਹੋਣ ਕਾਰਨ ਕਿਸਾਨ ਅੱਜ ਵੀ ਖੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ, ਜਿਸ ਪ੍ਰਤੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ| ਉਨ੍ਹਾਂ ਕਿਹਾ ਕਿ ਖੇਡਾਂ ਪ੍ਰਤੀ ਠੋਸ ਨੀਤੀ ਨਾ ਅਪਣਾਉਣ ਕਰਕੇ ਅੱਜ ਨੌਜਵਾਨ ਵਰਗ ਪਤਿਤਪੁਣੇ ਵੱਲ ਵੱਧ ਰਿਹਾ ਹੈ, ਜਿਸ ਕਰਕੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕੋਈ ਠੋਸ ਖੇਡ ਨੀਤੀ ਬਣਾਉਣੀ ਚਾਹੀਦੀ ਹੈ|

ਪਾਰਟੀ ਦੇ ਅੰਦਰੂਨੀ ਕਲੇਸ਼ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਦੇ ਆਗੂ ਇੱਕਜੁਟ ਹਨ ਅਤੇ ਪਾਰਟੀ ਵੱਲੋਂ ਜਲਦੀ ਹੀ ਰੁੱਸੇ ਹੋਏ ਆਗੂਆਂ ਨੂੰ ਮਨਾ ਕੇ ਪਾਰਟੀ ਨਾਲ ਤੋਰਿਆ ਜਾਵੇਗਾ। ਜਦੋਂ ਉਨ੍ਹਾਂ ਨੂੰ ਵੀਰਵਾਰ ਦੀ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਨਿੱਜੀ ਪ੍ਰੋਗਰਾਮ 'ਚ ਸ਼ਿਰਕਤ ਕਰਨ ਪਹੁੰਚ ਰਹੇ ਹਨ। ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਸਬੰਧੀ ਬੋਲਦਿਆਂ ਐਡਵੋ. ਚੀਮਾ ਨੇ ਕਿਹਾ ਕਿ ਪਾਰਟੀ ਇੱਕਜੁੱਟਤਾ ਨਾਲ ਚੋਣਾਂ ਲੜ ਕੇ ਇਤਿਹਾਸ ਸਿਰਜੇਗੀ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਜਲਦ ਕਰਵਾਉਣ ਸਬੰਧੀ ਕੀਤੀ ਮੰਗ ਨੂੰ ਲੈ ਕੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਪਰ ਆਮ ਆਦਮੀ ਪਾਰਟੀ ਇਹ ਚੋਣਾਂ ਨਹੀਂ ਲੜੇਗੀ ਅਤੇ ਵਧੀਆ ਅਕਸ ਵਾਲੇ  ਉਮੀਦਵਾਰਾਂ ਦਾ ਸਾਥ ਦੇਵੇਗੀ। ਇਸ ਮੌਕੇ ਪ੍ਰਧਾਨ ਜੱਸੀ ਸੋਹੀਆਂਵਾਲਾ, ਚੇਤਨ ਸਿੰਘ ਜੌੜੇਮਾਜਰਾ ਜ਼ਿਲਾ ਪ੍ਰਧਾਨ, ਤੀਰਥ ਸਿੰਘ ਛੱਜੂਭੱਟ, ਰਾਜਵਿੰਦਰ ਸਿੰਘ ਰਾਜੂ ਦੁਲੱਦੀ, ਸੁਰਿੰਦਰਪਾਲ ਸਰਮਾ, ਗੁਰਵਿੰਦਰ ਸਿੰਘ ਰਾਏ, ਨਰਿੰਦਰ ਸਿੰਘ ਖੇੜੀਮਾਨੀਆਂ, ਬੇਅੰਤ ਸਿੰਘ ਘੁੰਡਰ, ਬੀਸਾ ਦੁਲੱਦੀ ਆਦਿ ਪਾਰਟੀ ਹਾਜ਼ਰ ਸਨ।


Related News