ਇਤਿਹਾਸ ''ਚ ਸ਼ਹੀਦਾਂ ਦੀ ਸ਼ਹਾਦਤ ਬੇਮਿਸਾਲ ਤੇ ਪ੍ਰੇਰਨਾ ਸਰੋਤ: ਭਾਈ ਲੌਂਗੋਵਾਲ

04/24/2019 10:24:15 AM

ਪਟਿਆਲਾ (ਜੋਸਨ)—ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਅਮਰ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸਮਰਪਤ 3 ਯਾਦਗਾਰੀ ਗੇਟਾਂ ਦਾ ਨੀਂਹ-ਪੱਥਰ ਹੈੱਡ ਗ੍ਰੰਥੀ ਗਿਆਨੀ ਭਾਈ ਪ੍ਰਣਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਕਰ-ਕਮਲਾਂ ਨਾਲ ਰੱਖਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰ ਸ਼ਹੀਦਾਂ ਦੀ ਯਾਦ 'ਚ ਬਣਨ ਵਾਲੇ ਤਿੰਨ ਯਾਦਗਾਰੀ ਗੇਟਾਂ ਨੂੰ ਬਣਾਉਣ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਅਤੇ ਬਾਬਾ ਇੰਦਰ ਸਿੰਘ ਵਾਲਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰ ਕੇ ਜ਼ਿੰਮੇਵਾਰੀ ਸੌਂਪੀ। ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ 'ਚ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਹਮੇਸ਼ਾ ਸਾਰਿਆਂ ਲਈ ਪ੍ਰੇਰਨਾ ਸਰੋਤ ਰਹੀ ਹੈ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ 'ਚ ਸ਼ਹਾਦਤਾਂ ਹਮੇਸ਼ਾ ਸਾਰਿਆਂ ਨੂੰ ਅਡਿੱਗ ਅਤੇ ਅਡੋਲ ਰਹਿਣ ਦੀ ਪ੍ਰੇਰਨਾ ਦਿੰਦੀਆਂ ਹਨ।

ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਅਮਰ ਸ਼ਹੀਦ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਆਪਣੇ-ਆਪ ਸ਼ਹਾਦਤ ਲਈ ਪੇਸ਼ ਕਰ ਕੇ ਧਰਮ ਪ੍ਰਤੀ ਦ੍ਰਿੜ੍ਹਤਾ ਅਤੇ ਪਿਆਰ ਦੀ ਮਿਸਾਲ ਪੇਸ਼ ਕੀਤੀ ਸੀ, ਜੋ ਦੁਨੀਆ ਦੇ ਇਤਿਹਾਸ 'ਚ ਸ਼ਹੀਦਾਂ ਦੀ ਬੇਮਿਸਾਲ ਸ਼ਹਾਦਤ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਧਰਮ ਮਹਾਨ ਧਰਮ ਹੈ, ਜੋ ਮਨੁੱਖਤਾ ਨੂੰ ਅਸਲੀ ਜੀਵਨ-ਜਾਚ ਸਿਖਾਉਂਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰਦੁਆਰਾ ਸਾਹਿਬ 'ਚ ਮੁਲਾਜ਼ਮਾਂ ਦੀ ਸਹੂਲਤ ਲਈ 52 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰਿਹਾਇਸ਼ੀ ਕੁਆਟਰਾਂ ਦਾ ਨੀਂਹ-ਪੱਥਰ ਰੱਖਿਆ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਮੈਂਬਰ ਸਤਵਿੰਦਰ ਸਿੰਘ ਟੌਹੜਾ, ਮੈਂਬਰ ਸ਼ਵਿੰਦਰ ਸਿੰਘ ਸੱਭਰਵਾਲ, ਮੈਂਬਰ ਜਸਮੇਲ ਸਿੰਘ ਲਾਛੜੂ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ, ਨਵਇੰਦਰ ਸਿੰਘ ਲੌਂਗੋਵਾਲ, ਨਿੱਜੀ ਸਹਾਇਕ ਦਰਸ਼ਨ ਸਿੰਘ, ਭਗਵੰਤ ਸਿੰਘ ਧੰਗੇੜਾ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਮੈਨੇਜਰ ਜੋਗਾ ਸਿਘ, ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਸਾਬਕਾ ਮੈਂਬਰ ਬੀਬੀ ਕਮਲੇਸ਼ ਕੌਰ, ਡਾਇਰੈਕਟਰ ਜਤਿੰਦਰ ਸਿੰਘ ਸਿੱਧੂ, ਲਖਵੀਰ ਸਿੰਘ ਲੋਟ ਅਤੇ ਨਰਦੇਵ ਸਿੰਘ ਆਕੜੀ ਆਦਿ ਹਾਜ਼ਰ ਸਨ।


Shyna

Content Editor

Related News