ICSE ਸਕੂਲਾਂ ਦੇ ਭਾਸ਼ਣ ਮੁਕਾਬਲੇ ’ਚ ਅਕਾਲੀ ਆਗੂ ਗੋਲਡੀ ਦੀ ਧੀ ਗੁਰਨੂਰ ਨੇ ਦੂਜਾ ਸਥਾਨ ਕੀਤਾ ਹਾਸਲ

Monday, Sep 13, 2021 - 07:39 PM (IST)

ICSE ਸਕੂਲਾਂ ਦੇ ਭਾਸ਼ਣ ਮੁਕਾਬਲੇ ’ਚ ਅਕਾਲੀ ਆਗੂ ਗੋਲਡੀ ਦੀ ਧੀ ਗੁਰਨੂਰ ਨੇ ਦੂਜਾ ਸਥਾਨ ਕੀਤਾ ਹਾਸਲ

ਸੰਗਰੂਰ-ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਤੇ ਭਾਸ਼ਣ ਕਲਾ ’ਚ ਬੇਜੋੜ ਆਗੂ ਵਿਨਰਜੀਤ ਗੋਲਡੀ ਦੀ ਲਾਡਲੀ ਧੀ ਗੁਰਨੂਰ ਵੀ ਭਾਸ਼ਣ ਕਲਾ ’ਚ ਪ੍ਰਪੱਕਤਾ ਦਿਖਾਉਣ ਲੱਗੀ ਹੈ। ਪਿਛਲੇ ਦਿਨੀਂ ਪੰਜਾਬ ਪੱਧਰ ’ਤੇ ਇਕ ਆਨਲਾਈਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਭਾਸ਼ਣ ਮੁਕਾਬਲੇ ’ਚ ਗੁਰਨੂਰ ਨੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਗੁਰਨੂਰ ਕੌਰ ਬ੍ਰਿਟਿਸ਼ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਹੈ। ਪਿਛਲੇ ਦਿਨੀਂ ਸਕੂਲ ਵਿਖੇ ਹੀ ਆਈ. ਸੀ. ਐੱਸ. ਈ. ਦੇ 30 ਸਕੂਲਾਂ ਦੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ (ਡੈਕਲਾਮੇਸ਼ਨ ਕੰਪੀਟੀਸ਼ਨ) ਕਰਵਾਇਆ ਗਿਆ, ਜਿਸ ’ਚ ਗੁਰਨੂਰ ਕੌਰ ਨੇ ਆਪਣੀ ਭਾਸ਼ਣ ਕਲਾ ’ਚ ਨਿਪੁੰਨਤਾ ਦਾ ਸਬੂਤ ਦਿੰਦਿਆਂ ਜੱਜਮੈਂਟ ਟੀਮ ਨੂੰ ਕਾਫ਼ੀ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ : ਜ਼ਮਾਨਤ ਲਈ ਹਾਈਕੋਰਟ ਪਹੁੰਚੇ ਗੁਰਦਾਸ ਮਾਨ

ਪੂਰੇ ਭਾਸ਼ਣ ’ਚ ਗੁਰਨੂਰ ਦੀ ਵਿਸ਼ੇ ’ਤੇ ਪਕੜ ’ਤੇ ਸ਼ਬਦਾਂ ਦੀ ਚੋਣ ਨੇ ਪਰਖ ਟੀਮ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਗੁਰਨੂਰ ਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਸਿੱਖਿਆ ਤੇ ਉਨ੍ਹਾਂ ਦੀ ਮਿਹਨਤ ਦਾ ਅਸਰ ਹੈ। ਆਪਣੀ ਧੀ ਦੀ ਪ੍ਰਾਪਤੀ ’ਤੇ ਖੁਸ਼ੀ ਸਾਂਝੀ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਤੇ ਗੁਰਨੂਰ ਦੇ ਮਾਤਾ ਕਿਰਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਧੀ ਦਾ ਪਾਲਣ-ਪੋਸ਼ਣ ਉਸ ਦੀ ਸੋਚ ਮੁਤਾਬਿਕ ਕੀਤਾ ਹੈ, ਜਿਸ ਕਾਰਨ ਅੱਜ ਉਹ ਪੂਰੇ ਵਿਸ਼ਵਾਸ ਨਾਲ ਹਰ ਖੇਤਰ ’ਚ ਸਫ਼ਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਕੁੜੀਆਂ ਤੇ ਮੁੰਡਿਆਂ ’ਚ ਕੋਈ ਫਰਕ ਨਹੀਂ ਕਿਉਂਕਿ ਹਰ ਖੇਤਰ ’ਚ ਕੁੜੀਆਂ ਮੁੰਡਿਆਂ ਤੋਂ ਵਧ ਕੇ ਪ੍ਰਦਰਸ਼ਨ ਕਰ ਰਹੀਆਂ ਹਨ।

ਸਕੂਲ ਦੇ ਐੱਮ. ਡੀ. ਰਾਜੇਸ਼ ਜੌੜਾ ਅਤੇ ਪ੍ਰਿੰਸੀਪਲ ਸੋਨਲ ਜੌੜਾ ਨੇ ਕਿਹਾ ਕਿ ਸਕੂਲ ਦਾ ਸਮੁੱਚਾ ਸਟਾਫ ਬੱਚਿਆਂ ਨੂੰ ਹਰ ਖੇਤਰ ’ਚ ਅੱਗੇ ਵਧਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ, ਇਸ ਕਰਕੇ ਅੱਜ ਸਾਡੇ ਸਕੂਲ ਦੀ ਵਿਦਿਆਰਥਣ ਜ਼ਿਲ੍ਹੇ ’ਚੋਂ ਪਹਿਲੇ ਅਤੇ ਜ਼ੋਨ ’ਚੋਂ ਦੂਜੇ ਸਥਾਨ ’ਤੇ ਆਈ ਹੈ। ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਗੁਰਨੂਰ ਕੌਰ ਸਾਡੇ ਸਕੂਲ ਦੀ ਵਿਦਿਆਰਥਣ ਹੈ ਅਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਉਹ ਸਕੂਲ ਦਾ ਨਾਂ ਰੌਸ਼ਨ ਕਰੇਗੀ।


author

Manoj

Content Editor

Related News