ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 10.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਕੀਤਾ ਉਦਘਾਟਨ

03/10/2024 9:56:26 PM

ਚੰਡੀਗੜ੍ਹ/ਅਬੋਹਰ - ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਕਿਲਿਆਂਵਾਲੀ ਵਿਖੇ 10.10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਮੱਛੀ ਪੂੰਗ ਫਾਰਮ ਦਾ ਉਦਘਾਟਨ ਕੀਤਾ। ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਛੀ, ਸੂਰ ਅਤੇ ਬੱਕਰੀ ਪਾਲਣ ਵਰਗੇ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਫਾਰਮ ਪੰਜਾਬ ਦਾ 16ਵਾਂ ਸਰਕਾਰੀ ਮੱਛੀ ਪੂੰਗ ਫਾਰਮ ਹੈ ਜੋ ਕਿ 15 ਏਕੜ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸੂਬੇ ਵਿੱਚ 42031 ਏਕੜ ਰਕਬਾ ਮੱਛੀ ਪਾਲਣ ਅਧੀਨ ਅਤੇ 1315 ਏਕੜ ਤੋਂ ਵੱਧ ਰਕਬਾ ਝੀਂਗਾ ਪਾਲਣ ਅਧੀਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਵਿੱਚ ਕੁੱਲ 1 ਲੱਖ 84 ਹਜ਼ਾਰ ਟਨ ਤੋਂ ਵੱਧ ਮੱਛੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਮੱਛੀ ਪਾਲਕਾਂ ਦੀ ਸਹਾਇਤਾ ਲਈ ਸੂਬੇ ਵਿੱਚ ਇੱਕ ਝੀਂਗਾ ਟ੍ਰੇਨਿੰਗ ਸੈਂਟਰ, 11 ਫੀਡ ਮਿੱਲਾਂ ਅਤੇ 7 ਲੈਬਾਰਟਰੀਆਂ ਵੀ ਕਾਰਜਸ਼ੀਲ ਹਨ। ਉਨਾਂ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ 431 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 23 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਹੈ।

ਇਹ ਵੀ ਪੜ੍ਹੋ - ਆਸਿਫ਼ ਅਲੀ ਜ਼ਰਦਾਰੀ ਨੇ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਅਬੋਹਰ ਦੀ ਪੰਜਾਬ ਐਗਰੋ ਦੇ ਫੂਡ ਪ੍ਰੋਸੈਸਿੰਗ ਯੂਨਿਟ ਦੀ ਸਮਰੱਥਾ ਨੂੰ ਵਧਾਉਣ ਦਾ ਐਲਾਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਬੋਹਰ ਵਿੱਚ ਮਿਰਚ ਦਾ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ ਜਾਵੇਗਾ ਅਤੇ ਇਸ ਸਬੰਧੀ ਪੰਜਾਬ ਦੇ ਬਜਟ ਵਿੱਚ ਐਲਾਨ ਕੀਤਾ ਗਿਆ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਅੱਗੇ ਦੱਸਿਆ ਕਿ ਰਾਜਸਥਾਨ ਫੀਡਰ ਨਹਿਰ ਦੇ ਨਾਲ ਚੱਲਣ ਵਾਲੀ ਨਵੀਂ ਮਾਲਵਾ ਨਹਿਰ ਦੇ ਨਿਰਮਾਣ ਜਿਸ ਨਾਲ 178000 ਏਕੜ ਰਕਬੇ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ ਅਤੇ ਫਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਵਿੱਚ ਵੀ ਸਿੰਚਾਈ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਪ੍ਰਾਜੈਕਟ ਨਾ ਸਿਰਫ਼ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਵਾਏਗਾ ਸਗੋਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਵੀ ਰੋਕੇਗਾ, ਜਿਸ ਨਾਲ ਕਿਸਾਨਾਂ ਲਈ ਨਹਿਰੀ ਪਾਣੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਈ ਜਾ ਸਕੇਗੀ।

ਮੰਤਰੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਕਿਸਾਨਾਂ ਦੀ ਆਮਦਨ ਵਧਾਉਣ, ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇਣ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਸਥਾਨਕ ਭਾਈਚਾਰੇ 'ਤੇ ਸਕਾਰਾਤਮਕ ਪ੍ਰਭਾਵ ਪਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਸਹਾਇਕ ਕਾਰੋਬਾਰਾਂ ਨੂੰ ਸਮਰਥਨ ਇਸ ਖੇਤਰ ਦੇ ਆਰਥਿਕ ਅਤੇ ਪੇਂਡੂ ਵਿਕਾਸ ਦੀ ਦਿਸ਼ਾ ਵੱਲ ਮੁੱਖ ਕਦਮ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਖੇਤਰ ਵਿੱਚ ਨਿਵੇਸ਼ ਕਰਨਾ ਜਾਰੀ ਰੱਖ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਲਗਾਤਾਰ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਸਦਕਾ ਸੂਬੇ ਦਾ ਭਵਿੱਖ ਸੁਨਹਿਰੀ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ - ਗੈਂਗਸਟਰ ਕਾਲਾ ਜਠੇੜੀ ਦੇ ਵਿਆਹ ਤੋਂ ਪਹਿਲਾਂ ਦਿੱਲੀ ਤੋਂ 5 ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ

ਇਸ ਦੌਰਾਨ ਪਸ਼ੂ ਪਾਲਣ ਵਿਭਾਗ ਵਿੱਚ 671 ਸਰਕਾਰੀ ਨੌਕਰੀਆਂ ਦੇਣ ਸਬੰਧੀ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਯੋਗਤਾ ਦੇ ਆਧਾਰ 'ਤੇ ਨੌਜਵਾਨਾਂ ਨੂੰ 42,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਮੱਛੀ ਪੂੰਗ ਫਾਰਮ ਸ਼ੁਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕੀਤਾ। ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਦੋ ਸਾਲਾਂ ਦੇ ਥੋੜੇ ਸਮੇਂ ਵਿੱਚ ਹੀ ਪੰਜਾਬ ਸਰਕਾਰ ਨੇ ਹਜ਼ਾਰਾਂ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ‘ਤੇ ਨੌਕਰੀਆਂ ਦਿੱਤੀਆਂ ਹਨ ਅਤੇ ਸਿੱਖਿਆ ਤੇ ਸਿਹਤ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ। ਪਾਰਟੀ ਦੇ ਜਨਰਲ ਸਕੱਤਰ ਉਪਕਾਰ ਸਿੰਘ ਜਾਖੜ ਨੇ ਵੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ ਕੀਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News