ਪੁਲਸ ਨੇ ਗੁਰਲਾਲ ਭਲਵਾਨ ਹੱਤਿਆ ਕਾਂਡ ਦੇ ਦੂਸਰੇ ਸ਼ੂਟਰ ਰਾਜਨ ਨੂੰ ਕੁਰੂਕੁਸ਼ੇਤਰ ਜੇਲ੍ਹ ’ਚੋਂ ਲਿਆਂਦਾ ਫ਼ਰੀਦਕੋਟ

Saturday, Oct 02, 2021 - 12:29 PM (IST)

ਪੁਲਸ ਨੇ ਗੁਰਲਾਲ ਭਲਵਾਨ ਹੱਤਿਆ ਕਾਂਡ ਦੇ ਦੂਸਰੇ ਸ਼ੂਟਰ ਰਾਜਨ ਨੂੰ ਕੁਰੂਕੁਸ਼ੇਤਰ ਜੇਲ੍ਹ ’ਚੋਂ ਲਿਆਂਦਾ ਫ਼ਰੀਦਕੋਟ

ਫ਼ਰੀਦਕੋਟ (ਰਾਜਨ): ਜ਼ਿਲ੍ਹਾ ਪੁਲਸ ਵੱਲੋਂ ਗੁਰਲਾਲ ਭਲਵਾਨ ਹੱਤਿਆ ਕਾਂਡ ਮਾਮਲੇ ਨਾਲ ਜੁੜੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਵੱਡੀ ਪੱਧਰ ’ਤੇ ਕੀਤੀ ਜਾ ਰਹੀ ਕਾਰਵਾਈ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ, ਜਦੋਂ ਇਸ ਹੱਤਿਆ ਕਾਂਡ ਨਾਲ ਜੁੜੇ ਹਰਿਆਣਾ ਦੇ ਗੈਂਗਸਟਰ ਕਾਲਾ ਜਠੇੜੀ ਗੈਂਗ ਦੇ ਦੂਸਰੇ ਸ਼ੂਟਰ ਰਾਜਨ ਨੂੰ ਕੁਰੂਕੁਸ਼ੇਤਰ ਦੀ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਵਿਖੇ ਲਿਆਂਦਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਐੱਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਦੂਸਰੇ ਸ਼ੂਟਰ ਰਾਜਨ ਨੂੰ ਬੀਤੀ ਰਾਤ ਫ਼ਰੀਦਕੋਟ ਵਿਖੇ ਲਿਆਉਣ ਦੀ ਸੂਰਤ ’ਚ ਸਥਾਨਕ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਸ ਦਾ 7 ਅਕਤੂਬਰ ਤੱਕ ਪੁਲਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਚਾਲੂ ਸਾਲ ਫ਼ਰਵਰੀ ਮਹੀਨੇ ਦੌਰਾਨ ਇੱਥੋਂ ਦੇ ਜੁਬਲੀ ਸਿਨੇਮਾ ਚੌਕ ਲਾਗੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਦੀ 2 ਮੋਟਰਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲੀਆਂ ਚਲਾ ਕੇ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਤੋਂ ਬਾਅਦ ਇਹ ਦੋਵੇਂ ਸ਼ੂਟਰ ਫ਼ਰਾਰ ਹੋ ਗਏ ਸਨ, ਜਿਨ੍ਹਾਂ ਨੂੰ ਬਾਅਦ ’ਚ ਦਿੱਲੀ ਕ੍ਰਾਈਮ ਬਰਾਂਚ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਇਸ ਹੱਤਿਆ ਕਾਂਡ ਤੋਂ ਕੁਝ ਦਿਨ ਬਾਅਦ ਹੀ ਜ਼ਿਲ੍ਹਾ ਪੁਲਸ ਵੱਲੋਂ 9 ਦੇ ਕਰੀਬ ਮੁਲਾਜ਼ਮਾਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ, ਜਦਕਿ ਇਨ੍ਹਾਂ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਇੱਥੇ ਲੈ ਕੇ ਆਉਣ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਸੀ।

ਦੱਸਣਯੋਗ ਹੋਵੇਗਾ ਕਿ ਇਸ ਦੇ ਸਾਥੀ ਸ਼ੂਟਰ ਅਮਿਤ ਕੁਮਾਰ ਛੋਟੂ ਜਿਸ ਨੂੰ ਜ਼ਿਲ੍ਹਾ ਪੁਲਸ ਵੱਲੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਲਿਆਂਦਾ ਜਾ ਚੁੱਕਾ ਹੈ ਤੋਂ ਪੁੱਛਗਿੱਛ ਕਰਨ ਲਈ ਪੁਲਸ ਪ੍ਰਸ਼ਾਸਨ ਵੱਲੋਂ ਇਸਦੇ ਪੁਲਸ ਰਿਮਾਂਡ ’ਚ ਵੀ 6 ਅਕਤੂਬਰ ਤੱਕ ਵਾਧਾ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਗੁਰਲਾਲ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਇਸ ਵੇਲੇ ਰਾਜਸਥਾਨ ਜੇਲ ਵਿੱਚ ਬੰਦ ਹੈ, ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਲਿਆਉਣ ਸਬੰਧੀ ਕੀਤੇ ਗਏ ਸਵਾਲ ਦੇ ਜਵਾਬ ’ਚ ਐੱਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਇਹ ਇਕ ਕਾਨੂੰਨੀ ਪ੍ਰਕਿਰਿਆ ਹੈ ਅਤੇ ਇਸ ’ਚ ਦੇਰੀ ਸੰਭਵ ਹੈ ਪਰ ਇਹ ਤੈਅ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਰ ਹਾਲਤ ’ਚ ਪ੍ਰੋਡਕਸ਼ਨ ਵਾਰੰਟ ’ਤੇ ਫ਼ਰੀਦਕੋਟ ਵਿਖੇ ਲਿਆ ਕੇ ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ।


author

Shyna

Content Editor

Related News