ਆਰਥਿਕ ਨੀਤੀਆਂ ਬਾਰੇ ਸਰਕਾਰ ਦਾ ਕਾਰਪੋਰੇਟ ਪੱਖੀ ਚਿਹਰਾ ਹੋਇਆ ਨੰਗਾ : ਡਾ. ਦਿਆਲ, ਗੋਰੀਆ

05/18/2020 12:46:00 AM

ਲੁਧਿਆਣਾ,(ਜ. ਬ.)– ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ. ਜੋਗਿੰਦਰ ਦਿਆਲ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੌਜੂਦਾ ਪੈਕੇਜ ਰਾਹੀਂ ਜਿਹੜੇ ਅਖੌਤੀ ਸੁਧਾਰ ਬੁਨਿਆਦੀ ਆਰਥਿਕ ਨੀਤੀਆਂ ’ਚ ਲਿਆਂਦੇ ਹਨ, ਇਹ ਸਾਮਰਾਜੀਆਂ ਅਤੇ ਕਾਰਪੋਰੇਟ ਘਰਾਣਿਆਂ ਅੱਗੇ ਗੋਡੇ ਟੇਕਣ ਤੋਂ ਇਲਾਵਾ ਕੁਝ ਨਹੀਂ। ਇਨ੍ਹਾਂ ਕਾਰਪੋਰੇਟ ਪੱਖੀ ਨੀਤੀਆਂ ਕਾਰਣ ਭਾਜਪਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਦਾ ਅਸਲੀ ਚਿਹਰਾ ਨੰਗੇ ਚਿੱਟੇ ਰੂਪ ’ਚ ਸਾਹਮਣੇ ਆ ਗਿਆ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਦੇਸ਼ ’ਚ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਮੌਜੂਦਾ ਸਰਕਾਰ ਵਲੋਂ ਆਪਣੀਆਂ ਲੁਕੀਆਂ ਹੋਈਆਂ ਧੱਕੜਸ਼ਾਹੀ ਨੀਤੀਾਂ ਨੂੰ ਲਾਗੂ ਕਰਨ ਲਈ ਇਕ ਵਰਦਾਨ ਸਾਬਤ ਹੋਈ ਹੈ। ਇਨ੍ਹਾਂ ਨੀਤੀਆਂ ਨੂੰ ਪਾਸ ਕਰਨ ’ਚ ਪਾਰਲੀਮੈਂਟ ਨੂੰ ਪੂਰੀ ਤਰ੍ਹਾਂ ਬਾਈਪਾਸ ਕੀਤਾ ਗਿਆ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਸਹਾਰੇ ਨਾਲ ਇਸ ਨੇ ਦੇਸ਼ ਦੀਆਂ ਪ੍ਰਮਾਣਿਤ ਜਨਤਕ ਹਿੱਤਾਂ ਅਤੇ ਸਵੈ ਨਿਰਭਰਤਾ ਵਾਲੀਆਂ ਆਰਥਿਕ ਨੀਤੀਆਂ ਨੂੰ ਬਦਲਣ ਦਾ ਮੌਕਾ ਹਾਸਲ ਕਰ ਲਿਆ ਹੈ ਅਤੇ ਕੌਮੀ ਹਿੱਤਾਂ ਨੂੰ ਖੁੱਲ੍ਹਮ-ਖੁੱਲ੍ਹਾ ਵੇਚ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਦਾਰੀਕਰਨ, ਨਿੱਜੀਕਰਨ ਅਤੇ ਸੰਸਾਰੀਕਰਨ ਦੀਆਂ ਨੀਤਆਂ ਜਿਹੜੀਆਂ ਸੰਸਾਰ ’ਚ ਗਰੀਬੀ ਅਤੇ ਨਾ ਬਰਾਬਰੀ ਦੂਰ ਕਰਨ ’ਚ ਫੇਲ ਹੋਈਆਂ ਹਨ। ਅਜਿਹੀਆਂ ਨੀਤੀਆਂ ਨਾਲ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਗਏ ਹਨ। ਆਗੂਆਂ ਨੇ ਦੇਸ਼ ਦੀਆਂ ਸਾਰੀਆਂ ਦੇਸ਼ ਭਗਤ, ਤਰੱਕੀ ਪਸੰਦ ਅਤੇ ਜ਼ਮਰੂਹੀ ਸ਼ਕਤੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵਧੇਰੇ ਇਕਜੁੱਟ ਹੋ ਕੇ ਅਜਿਹੇ ਨੰਗੇ ਚਿੱਟੇ ਤਰੀਕੇ ਨਾਲ ਸਾਮਰਾਜ ਅਤੇ ਕਾਰਪੋਰੇਟ ਪੱਖੀ ਅਪਣਾਈਆਂ ਜਾ ਰਹੀਆਂ ਗਲਤ ਸਰਕਾਰੀ ਨੀਤੀਆਂ ਦਾ ਡਟ ਕੇ ਵਿਰੋਧ ਕਰਨ। ਉਨ੍ਹਾਂ ਨੇ ਆਪਣੇ ਸਾਰੇ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਨ੍ਹਾਂ ਨੀਤੀਆਂ ਖਿਲਾਫ 19 ਮਈ ਨੂੰ ਸੀ. ਪੀ. ਆਈ. ਵਲੋਂ ਕੀਤੇ ਜਾ ਰਹੇ ਰੋਸ ਪ੍ਰੋਗਰਾਮਾਂ ’ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਅਤੇ ਨਾਲ ਹੀ 21 ਮਈ ਨੂੰ ਆਪਣੀਆਂ ਖੇਤ ਮਜ਼ਦੂਰ ਮੰਗਾਂ ਦੇ ਨਾਲ-ਨਾਲ ਅਜਿਹੀਆਂ ਮਾੜੀਆਂ ਨੀਤੀਆਂ ਦਾ ਵੀ ਡਟ ਕੇ ਵਿਰੋਧ ਕਰਨ।


Bharat Thapa

Content Editor

Related News