ਸਰਕਾਰ ਵੱਲੋਂ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈਣਾ ਮੰਦਭਾਗਾ

02/25/2020 1:42:20 PM

ਮੋਗਾ (ਸੰਜੀਵ): ਪੰਜਾਬ ਸਰਕਾਰ ਨੇ 1 ਕਿਲੋਵਾਟ ਤੋਂ ਵੱਧ ਸਾਰੇ ਵਰਗਾਂ ਦੀ ਪ੍ਰਤੀ ਮਹੀਨਾ ਮੁਫਤ 200 ਯੂਨਿਟ ਬਿਜਲੀ ਦੀ ਸਪਲਾਈ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਦੇ ਨਾਲ ਗਰੀਬ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਪੰਜਾਬ 'ਚ ਐੱਸ. ਸੀ. ਅਤੇ ਬੀ. ਸੀ. ਵਰਗ ਦੇ ਆਰਥਕ ਰੂਪ 'ਚ ਕਮਜ਼ੋਰ ਸ਼੍ਰੇਣੀ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਮੁਫਤ ਮਿਲ ਰਹੀ ਸੀ। ਇਹ ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਬੀ. ਪੀ. ਐੱਲ. ਲੋਕਾਂ ਨੂੰ ਬਿਜਲੀ ਮੁਫਤ ਮਿਲ ਸਕੇ । ਪਿਛਲੇ ਕਈ ਸਾਲਾਂ ਤੋਂ ਪ੍ਰਦੇਸ਼ 'ਚ ਵੱਖਰੇ ਵਰਗਾਂ ਨੂੰ ਮੁਫਤ ਬਿਜਲੀ ਦੇਣ ਤੋਂ ਬਾਅਦ ਵੱਡੇ ਪੱਧਰ 'ਤੇ ਘਾਟੇ 'ਚ ਚੱਲ ਰਹੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁਫਤ ਬਿਜਲੀ ਦੇਣ ਤੋਂ ਤੌਬਾ ਕਰ ਲਈ ਹੈ। ਬੀਤੇ ਦਿਨੀਂ ਬੋਰਡ ਨੇ ਬਹੁਤ ਵੱਡਾ ਫੈਸਲਾ ਲੈਂਦੇ ਹੋਏ ਪ੍ਰਦੇਸ਼ ਦੇ ਐੱਸ. ਸੀ. ਅਤੇ ਬੀ. ਸੀ. ਵਰਗ 'ਚ ਕ੍ਰੀਮੀਲੇਅਰ ਲਈ ਮੁਫਤ ਬਿਜਲੀ ਦੀ ਸਹੂਲਤ ਦੇਣੀ ਬੰਦ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਐੱਸ. ਸੀ. ਅਤੇ ਬੀ. ਸੀ. ਵਰਗ ਦੇ ਉਨ੍ਹਾਂ ਉਪਭੋਗਤਾਵਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ, ਜਿਨ੍ਹਾਂ ਦਾ ਘਰੇਲੂ ਲੋਡ 1 ਕਿਲੋਵਾਟ ਤੋਂ ਘੱਟ ਹੈ। ਸਰਕਾਰ ਦੇ ਇਸ ਫੈਸਲੇ 'ਤੇ ਪਾਵਰਕਾਮ ਨੂੰ 500 ਕਰੋੜ ਰੁਪਏ ਬਚਣਗੇ ਪਰ ਗਰੀਬਾਂ ਦੀਆਂ ਜੇਬਾਂ ਬਹੁਤ ਹਲਕੀਆਂ ਹੋ ਜਾਣਗੀਆਂ। ਹਾਲਾਂਕਿ ਕਿਸੇ ਵੀ ਅਧਿਕਾਰੀ ਨੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ ਪਰ ਐੱਸ. ਸੀ. ਅਤੇ ਬੀ. ਸੀ. ਵਰਗ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬ 'ਚ ਇਸ ਸਮੇਂ ਬਿਜਲੀ ਦੀਆਂ ਮਹਿੰਗੀਆਂ ਦਰਾਂ ਦਾ ਮੁੱਦਾ ਗਰਮਾਇਆ ਹੋਇਆ ਹੈ। ਵੀਰਵਾਰ ਨੂੰ ਵਿਧਾਨਸਭਾ 'ਚ ਵੀ ਅਕਾਲੀ ਦਲ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਸੀ। ਕਾਂਗਰਸ ਸਰਕਾਰ ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਝੱਲ ਰਹੀ ਹੈ। ਗੌਰਤਲਬ ਹੈ ਕਿ ਪਾਵਰਕਾਮ ਦੇ ਤਾਜ਼ਾ ਸਰਕੂਲਰ ਅਨੁਸਾਰ ਅਫਸਰ, ਅਤੇ ਮੌਜੂਦਾ ਮੰਤਰੀ, ਰਾਜ ਮੰਤਰੀ, ਵਿਧਾਇਕ, ਸੇਵਾਦਾਰ, ਸਾਬਕਾ ਅਤੇ ਵਰਤਮਾਨ ਮੇਅਰ ਅਤੇ ਜਿਨ੍ਹਾਂ ਦੀ ਦੀ ਪੈਨਸ਼ਨ 10,000 ਮਹੀਨਾਵਾਰ ਜਾਂ ਇਸ ਤੋਂ ਜ਼ਿਆਦਾ ਹੈ, ਉਨ੍ਹਾਂ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ, ਜੋ ਕਿ ਹਾਈ ਸੋਸਾਇਟੀ 'ਚ ਆਉਂਦੇ ਹਨ, ਦੀ ਵੀ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਬੰਦ ਕਰ ਦਿੱਤੀ ਗਈ ਹੈ। ਰਿਕਸ਼ਾ ਚਾਲਕ ਮੰਗਲ ਸਿੰਘ ਨੇ ਕਿਹਾ ਕਿ ਗਰਮੀਆਂ ਦੇ ਸੀਜ਼ਨ 'ਚ ਬਿਜਲੀ ਦਾ ਬਿੱਲ ਜ਼ਿਆਦਾ ਆਉਣ ਵਾਲਾ ਹੈ, ਕਾਂਗਰਸ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅਕਾਲੀ ਦਲ ਵੱਲੋਂ ਦਿੱਤੀ ਗਈ ਸਹੂਲਤ ਵੀ ਵਾਪਸ ਲਈ ਜਾ ਰਹੀ ਹੈ।ਦਿਹਾੜੀਦਾਰ ਗੁਰਪ੍ਰੀਤ ਸਿੰਘ ਦਾ ਕਥਨ ਹੈ ਕਿ ਇਕ ਤਾਂ ਅੱਜਕਲ ਕੰਮ-ਧੰਦਾ ਉਂਜ ਹੀ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਚੁੱਕਿਆ ਗਿਆ ਅਜਿਹਾ ਕਦਮ ਮੰਦਭਾਗਾ ਹੈ।

ਅਕਾਲੀ ਵੀ ਤਾਂ ਚਲਾਉਂਦੇ ਸਨ ਸਰਕਾਰ
ਐੱਫ. ਸੀ. ਆਈ. 'ਚ ਲੇਬਰ ਦਾ ਕੰਮ ਕਰਨ ਵਾਲੇ ਭੋਲਾ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਕਦੇ ਵੀ ਗਰੀਬ ਦੀ ਪਿੱਠ 'ਚ ਛੁਰਾ ਨਹੀਂ ਮਾਰਿਆ, ਸਗੋਂ ਗਰੀਬਾਂ ਬਾਰੇ ਹਮੇਸ਼ਾ ਸੋਚਿਆ। ਅਕਾਲੀ ਵੀ ਤਾਂ ਪੰਜਾਬ 'ਚ ਆਪਣੀ ਸਰਕਾਰ ਚਲਾਉਂਦੇ ਹੀ ਸਨ। ਅੱਜ ਕੀ ਕੋਈ ਨਵੀਂ ਗੱਲ ਹੋ ਗਈ, ਜੋ ਗਰੀਬਾਂ ਤੋਂ 200 ਯੂਨਿਟ ਬਿਜਲੀ ਮੁਫਤ ਦੀ ਸਹੂਲਤ ਵੀ ਵਾਪਸ ਲਈ ਜਾ ਰਹੀ ਹੈ।


Shyna

Content Editor

Related News