ਮਹਿਲਾਂ ’ਚੋਂ ਨਿਕਲ ਕੇ ਮੰਡੀਆਂ ’ਚ ਕਿਸਾਨਾਂ ਦੀ ਸਾਰ ਲੈਣ ਕੈਪਟਨ : ਸੁਖਬੀਰ ਬਾਦਲ

Thursday, Apr 22, 2021 - 04:00 PM (IST)

ਮਹਿਲਾਂ ’ਚੋਂ ਨਿਕਲ ਕੇ ਮੰਡੀਆਂ ’ਚ ਕਿਸਾਨਾਂ ਦੀ ਸਾਰ ਲੈਣ ਕੈਪਟਨ : ਸੁਖਬੀਰ ਬਾਦਲ

ਭਗਤਾ ਭਾਈ (ਢਿੱਲੋਂ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਥਾਨਕ ਸ਼ਹਿਰ ਵਿਖੇ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਸਮੇਂ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਨੂੰ ਵੇਖਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦਾ ਅੰਨਦਾਤਾ ਮੰਡੀਆਂ ’ਚ ਰੁਲ਼ ਰਿਹਾ ਹੈ। ਸਰਕਾਰਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਾਰ ਕਿੰਨੀ ਫਸਲ ਮੰਡੀਆਂ ’ਚ ਆਉਣੀ ਹੈ ਅਤੇ ਇਸ ਲਈ ਬਾਰਦਾਨੇ ਦਾ ਪ੍ਰਬੰਧ ਤਕਰੀਬਨ 2 ਮਹੀਨੇ ਪਹਿਲਾਂ ਹੀ ਕਰਨਾ ਹੁੰਦਾ ਹੈ।

ਸ. ਬਾਦਲ ਨੇ ਕਿਹਾ ਕਿ ਸਾਡੇ ਨਾਲ ਦੇ ਸੂਬੇ ਹਰਿਆਣੇ ’ਚ ਕਣਕ ਦੀ ਖਰੀਦ 1 ਅਪ੍ਰੈਲ ਤੋਂ ਚੱਲ ਰਹੀ ਹੈ, ਜਦਕਿ ਪੰਜਾਬ ’ਚ 10 ਅਪ੍ਰੈਲ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਪੁੱਤਾਂ ਵਰਗੀ ਫਸਲ ਖੁੱਲ੍ਹੇ ਆਸਮਾਨ ਹੇਠ ਰੱਖ ਕੇ ਰੱਬ ਆਸਰੇ ਬੈਠਿਆਂ ਨੂੰ ਤਕਰੀਬਨ 15 ਦਿਨ ਹੋ ਗਏ ਹਨ ਪਰ ਕੈਪਟਨ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਮੰਤਰੀਆਂ ਨੂੰ ਕਿਸਾਨਾਂ ਦੀ ਮੰਡੀਆਂ ’ਚ ਹੋ ਰਹੀ ਦੁਰਦਸ਼ਾ ਨੂੰ ਵੇਖਣ ਲਈ ਮਹਿਲਾਂ ’ਚੋਂ ਨਿਕਲ ਕੇ ਮੰਡੀਆਂ ’ਚ ਕਿਸਾਨਾਂ ਦੀ ਸਾਰ ਲੈਣ ਲਈ ਕਿਹਾ।

ਇਸ ਸਮੇਂ ਉਨ੍ਹਾਂ ਨਾਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ, ਜਥੇਦਾਰ ਸਤਿਨਾਮ ਸਿੰਘ ਭਾਈਰੂਪਾ, ਸੁਖਜਿੰਦਰ ਸਿੰਘ ਪ੍ਰਧਾਨ ਯੂਥ ਵਿੰਗ, ਪਿੰਦਰ ਬਰਾੜ ਸਾਬਕਾ ਪ੍ਰਧਾਨ, ਜਗਮੋਹਨ ਲਾਲ ਸਰਕਲ ਪ੍ਰਧਾਨ, ਗੁਰਪਾਲ ਸਿੰਘ ਢਿੱਲੋਂ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਸਾਬਕਾ ਚੇਅਰਮੈਨ, ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ, ਗੋਗੀ ਬਰਾੜ ਅਤੇ ਵੱਡੀ ਗਿਣਤੀ ’ਚ ਹੋਰ ਕਿਸਾਨ ਆਗੂ ਹਾਜ਼ਰ ਸਨ।


author

Manoj

Content Editor

Related News