ਚੂਰਾ-ਪੋਸਤ ਸਮੱਗਲਿੰਗ ਦੇ ਮਾਮਲੇ ’ਚ ਭਗੌੜਾ ਗ੍ਰਿਫਤਾਰ
Thursday, Dec 06, 2018 - 02:25 AM (IST)

ਮੋਗਾ, (ਅਾਜ਼ਾਦ)- ਭਗੌਡ਼ੇ ਦੋਸ਼ੀਆਂ ਖਿਲਾਫ ਮੋਗਾ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਮਹਿਣਾ ਪੁਲਸ ਨੇ ਭਗੌਡ਼ੇ ਚੂਰਾ ਪੋਸਤ ਤਸਕਰ ਨੂੰ ਪੰਜ ਸਾਲ ਬਾਅਦ ਦਬੋਚ ਲਿਆ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਜਦ ਥਾਣਾ ਮਹਿਣਾ ਦੀ ਪੁਲਸ ਪਾਰਟੀ 18 ਜੁਲਾਈ 2013 ਨੂੰ ਰੋਲੀ-ਚੁਗਾਵਾਂ ਰੋਡ ’ਤੇ ਜਾ ਰਹੀ ਸੀ ਤਾਂ ਪੁਲਸ ਪਾਰਟੀ ਨੇ ਸਡ਼ਕ ਤੋਂ ਥੋਡ਼ੀ ਦੂਰ ਦੋ ਲਡ਼ਕਿਆਂ ਨੂੰ ਬੋਰੀਆਂ ’ਤੇ ਬੈਠੇ ਦੇਖਿਆ, ਜਦ ਪੁਲਸ ਪਾਰਟੀ ਨੇਡ਼ੇ ਪਹੁੰਚੀ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਗੁਰਦੇਵ ਸਿੰਘ ਉਰਫ ਦੇਵ ਨਿਵਾਸੀ ਪਿੰਡ ਭੇਖਾ ਭੱਜ ਗਿਆ, ਜਦਕਿ ਉਸ ਦਾ ਦੂਸਰਾ ਸਾਥੀ ਹਰਜੀਤ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਮੱਦੋਕੇ ਹਾਲ ਪ੍ਰੀਤ ਨਗਰ ਮੋਗਾ ਨੂੰ ਕਾਬੂ ਕਰ ਲਿਆ ਗਿਆ, ਉਥੇ 6 ਬੋਰੀਆਂ ਦੀ ਜਦ ਤਲਾਸ਼ੀ ਲਈ ਤਾਂ ਉਸ ’ਚੋਂ 1 ਕੁਇੰਟਲ 80 ਕਿਲੋ ਚੂਰਾ ਪੋਸਤ ਬਰਾਮਦ ਹੋਇਆ।
ਮਹਿਣਾ ਪੁਲਸ ਨੇ ਹਰਜੀਤ ਸਿੰਘ ਉਰਫ ਕਾਕਾ ਅਤੇ ਗੁਰਦੇਵ ਸਿੰਘ ਉਰਫ ਦੇਵ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਹਰਜੀਤ ਸਿੰਘ ਕਾਕਾ ਨੂੰ ਮਾਣਯੋਗ ਅਦਾਲਤ ਵੱਲੋਂ 10 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਜਦਕਿ ਗੁਰਦੇਵ ਸਿੰਘ ਉਰਫ ਦੇਵ ਨੂੰ ਪੁਲਸ ਨੇ ਭਗੌਡ਼ਾ ਐਲਾਨ ਕਰ ਦਿੱਤਾ ਸੀ, ਪਰ ਉਹ ਕਾਬੂ ਨਹੀਂ ਆ ਰਿਹਾ ਸੀ। ਉਸਨੇ ਦੱਸਿਆ ਕਿ ਜਦ ਉਹ ਅਤੇ ਹੌਲਦਾਰ ਸੰਦੀਪ ਕੁਮਾਰ, ਸ਼ਿਵਜੰਟ ਸਿੰਘ, ਭੁਪਿੰਦਰ ਸਿੰਘ ਦੇ ਨਾਲ ਇਲਾਕੇ ’ਚ ਗਸ਼ਤ ਕਰ ਰਹੇ ਸੀ ਤਾਂ ਭਗੌਡ਼ੇ ਦੋਸ਼ੀ ਗੁਰਦੇਵ ਸਿੰਘ ਦੇਵ ਨੂੰ ਦਬੋਚ ਲਿਆ। ਦੋਸ਼ੀ ਨੂੰ ਅੱਜ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ।