ਨੌਸਰਬਾਜ਼ ਪੈਟਰੋਲ ਦੀਆਂ ਕੈਨੀਆਂ ਭਰਵਾ ਕੇ ਫੁਰਰ...

Saturday, Nov 10, 2018 - 01:18 AM (IST)

ਨੌਸਰਬਾਜ਼ ਪੈਟਰੋਲ ਦੀਆਂ ਕੈਨੀਆਂ ਭਰਵਾ ਕੇ ਫੁਰਰ...

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਇਕ ਨੌਸਰਬਾਜ਼ ਪੈਟਰੋਲ ਪੰਪ ਤੋਂ ਧੋਖੇ ਨਾਲ ਪੈਟਰੋਲ ਭਵਾ ਕੇ ਰਫੂ-ਚੱਕਰ ਹੋ ਗਿਆ। ਉਹ ਜਿਸ ਗੱਡੀ ’ਚ ਆਇਆ ਸੀ, ਉਸ ’ਤੇ ਵੀ ਜਾਅਲੀ ਨੰਬਰ ਲੱਗਿਆ ਹੋਇਆ ਸੀ, ਜਿਸ ਪੈਟਰੋਲ ਪੰਪ ’ਤੇ ਇਹ ਘਟਨਾ ਹੋਈ, ਉਹ ਪੈਟਰੋਲ ਪੰਪ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਕੋਠੀ ਦੇ ਨਜ਼ਦੀਕ ਪੈਂਦਾ ਹੈ। ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਕੱਢ ਕੇ ਉਕਤ ਠੱਗ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਕਰਿੰਦੇ ਸੁਖਚੈਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਇਕ ਅਲਟੋ ਕਾਰ ’ਤੇ ਇਕ ਵਿਅਕਤੀ ਆਇਆ ਤੇ ਉਸ ਦੀ ਗੱਡੀ ਵਿਚ 5 ਕੈਨੀਆਂ ਰੱਖੀਆਂ ਹੋਈਆਂ ਸੀ। ਕਾਰ ਸਵਾਰ ਵਿਅਕਤੀ ਨੇ ਕੈਨੀਆਂ ’ਚ ਪੈਟਰੋਲ ਭਰਨ ਲਈ ਕਿਹਾ, ਅਸੀਂ ਪੰਜਾਂ ਕੈਨੀਆਂ ’ਚ ਪੈਟਰੋਲ ਭਰ ਦਿੱਤਾ। ਚਾਰ ਕੈਨੀਆਂ ਤਾਂ ਉਸ ਨੇ ਆਪਣੀ ਕਾਰ ਵਿਚ ਰੱਖ ਲਈਆਂ ਅਤੇ ਪੰਜਵੀਂ ਕੈਨੀ ਉਹ ਬਾਹਰ ਰੱਖਣ ਲੱਗਿਆ ਤਾਂ ਅਸੀਂ ਕਿਹਾ ਕਿ ਅਸੀਂ ਤਾਂ ਇਸ ’ਚ ਵੀ ਪੈਟਰੋਲ ਭਰ ਦਿੱਤਾ ਹੈ। ਅਸੀਂ ਇੰਨਾ ਕਹਿ ਹੀ ਰਹੇ ਸੀ ਕਿ ਉਹ ਪੈਟਰੋਲ ਪੰਪ ਤੋਂ ਆਪਣੀ ਗੱਡੀ ਭਜਾ ਕੇ ਫਰਾਰ ਹੋ ਗਿਆ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕੱਢਣ ’ਤੇ ਉਸ ਗੱਡੀ ’ਤੇ ਪੀ. ਬੀ. 11 ਵੀ. ਯੂ. 4575 ਨੰਬਰ ਲੱਗਿਆ ਹੋਇਆ ਸੀ। ਜਦੋਂ ਪੁਲਸ ਨੇ ਉਕਤ ਗੱਡੀ ਦਾ ਨੰਬਰ ਚੈੱਕ ਕੀਤਾ ਤਾਂ ਉਹ ਵੀ ਜਾਅਲੀ ਪਾਇਆ ਗਿਆ। ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਾਜੇਸ਼ ਛਿੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਕਿਹਾ ਕਿ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ। ਫੁਟੇਜ ਦੇ ਆਧਾਰ ’ਤੇ ਉਕਤ ਠੱਗ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਠੱਗ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਲਦ ਹੀ ਉਕਤ ਠੱਗ ਨੂੰ ਕਾਬੂ ਕਰ ਲਿਆ ਜਾਵੇਗਾ। 


Related News