ਸ੍ਰੀ ਮੁਕਤਸਰ ਸਾਹਿਬ : ਮੀਂਹ ਦੇ ਪਾਣੀ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਚਾਰ-ਚੁਫੇਰੇ ਦਿਖ ਰਿਹਾ ਪਾਣੀ
Sunday, Aug 14, 2022 - 01:22 PM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਤਨੇਜਾ) : ਕੁਦਰਤ ਦੇ ਕਹਿਰ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਨੇਕਾਂ ਪਿੰਡਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਕੇ ਰੱਖ ਦਿੱਤਾ ਹੈ ਤੇ ਕਿਸਾਨ ਵਰਗ ਨੂੰ ਪੂਰੀ ਤਰ੍ਹਾਂ ਝੰਜੋੜ ਦਿੱਤਾ ਹੈ । ਖੇਤਾਂ ਵਿਚ ਮੀਂਹ ਦੇ ਪਾਣੀ ਨੂੰ ਖੜ੍ਹੇ ਲਗਭਗ ਇਕ ਮਹੀਨਾ ਹੋ ਗਿਆ ਹੈ ਪਰ ਹਾਲਾਤ ਇਹ ਹਨ ਕਿ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੀੜਤ ਲੋਕ ਸਰਕਾਰੀ ਸਹਾਇਤਾ ਦੀ ਉਡੀਕ ਵਿਚ ਹਨ ਪਰ ਪੰਜਾਬ ਸਰਕਾਰ ਕੋਈ ਹੱਥ ਪੱਲਾ ਨਹੀਂ ਫੜਾ ਰਹੀ ਤੇ ਸਿਰਫ਼ ਬਿਆਨਬਾਜ਼ੀ ਦੇ ਕੇ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ ।
ਪਿੰਡ ਗੰਧੜ ਦਾ ਹਾਲ
ਪਿੰਡ ਗੰਧੜ ਵਿਖੇ ਜ਼ਮੀਨ ਦਾ ਕੁੱਲ ਰਕਬਾ ਲਗਭਗ 2300 ਏਕੜ ਹੈ । ਇਸ ਵਿਚੋਂ 1000 ਏਕੜ ਰਕਬੇ ਵਿਚੋਂ ਫ਼ਸਲਾਂ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਦੇ ਦੱਸਣ ਮੁਤਾਬਕ 500 ਏਕੜ ਜ਼ਮੀਨ ਵਿਚ ਨਰਮੇ ਦੀ ਫ਼ਸਲ ਡੁੱਬ ਗਈ ਹੈ ਤੇ 500 ਏਕੜ ਵਿਚ ਹੀ ਝੋਨਾ ਡੁੱਬਿਆ ਹੈ । ਅਜੇ ਪਾਣੀ ਸੁੱਕ ਨਹੀਂ ਰਿਹਾ, ਸਗੋਂ ਹੋਰ ਆ ਰਿਹਾ ਹੈ । ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੀ ਹੁੰਦਾ ਆ ਰਿਹਾ ਹੈ ਤੇ ਫ਼ਸਲਾਂ ਮਾਰੀਆਂ ਜਾਂਦੀਆਂ ਹਨ । ਭਾਗਸਰ ਅਤੇ ਲੱਖੇਵਾਲੀ ਨੂੰ ਜਾਣ ਵਾਲੀਆਂ ਸੜਕਾਂ 'ਤੇ ਤਾਂ ਪਾਣੀ ਨਿਕਲਣ ਲਈ ਪੁੱਲ ਬਣੇ ਹੋਏ ਹਨ ਪਰ ਨੰਦਗੜ੍ਹ ਨੂੰ ਜਾਣ ਵਾਲੇ ਕੱਚੇ ਰਸਤੇ ਅਤੇ ਪਾਕਾਂ ਨੂੰ ਜਾਣ ਵਾਲੀ ਸੜਕ ’ਤੇ ਪੁਲ ਬਣਾਏ ਜਾਣ ਦੀ ਲੋੜ ਹੈ । ਫਿਰ ਹੀ ਸਾਰਾ ਮਸਲਾ ਹੱਲ ਹੋ ਸਕਦਾ ਹੈ ਅਤੇ ਕਿਸਾਨ ਵਰਗ ਬਚ ਸਕਦਾ ਹੈ।
ਖੁੰਡੇ ਹਲਾਲ ਵਿਖੇ ਮਾਰੀਆਂ ਗਈਆਂ ਫ਼ਸਲਾਂ
ਪਿੰਡ ਖੁੰਡੇ ਹਲਾਲ ਦੇ ਸਰਪੰਚ ਤੇ ਸਮਾਜ ਸੇਵਕ ਹੰਸਾ ਸਿੰਘ ਖੁੰਡੇ ਹਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵੀ ਮੀਂਹ ਦੇ ਪਾਣੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਹੈ ਤੇ ਅਜੇ ਤੱਕ ਪਾਣੀ ਖੇਤਾਂ ਵਿਚ ਖੜ੍ਹਾ ਹੈ। ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਪਾਣੀ ਵਿਚ ਡੁੱਬ ਗਿਆ। ਇਸ ਤੋਂ ਇਲਾਵਾ ਅਨੇਕਾਂ ਗਰੀਬਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ । ਬਲਵਿੰਦਰ ਸਿੰਘ ਦੀ ਢਾਣੀ ਪੂਰੀ ਤਰ੍ਹਾਂ ਚਾਰ ਚੁਫੇਰਿਓਂ ਪਾਣੀ ਵਿਚ ਘਿਰੀ ਹੋਈ ਹੈ ਤੇ ਲੰਘਣ ਲਈ ਕੋਈ ਰਸਤਾ ਨਹੀਂ ਹੈ । ਇਥੋਂ ਦੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਫ਼ਸਲ ਪਾਣੀ ਵਿਚ ਡੁੱਬ ਗਈ ਤੇ ਕੁੱਝ ਵੀ ਨਹੀਂ ਬਚਿਆ ।
ਪਿੰਡ ਭੰਗਚੜੀ ਦੀ ਸਥਿਤੀ
ਮੀਂਹ ਦੇ ਪਾਣੀ ਕਾਰਨ ਪਿੰਡ ਭੰਗਚੜੀ ਵਿਖੇ ਵੀ ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦੇ ਘਰ ਪਾਣੀ ਵਿਚ ਡੁੱਬੇ ਪਏ ਹਨ ਪਰ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ । ਲੋਕਾਂ ਦੀ ਮੰਗ ਹੈ ਕਿ ਘਰਾਂ ਅਤੇ ਖੇਤਾਂ ਵਿਚੋਂ ਪਾਣੀ ਬਾਹਰ ਕੱਢਣ ਲਈ ਸਾਧਨ ਦਿੱਤੇ ਜਾਣ।
ਪਿੰਡ ਰਹੂੜਿਆਂ ਵਾਲੀ ਵਿਖੇ ਡੁੱਬਿਆ ਬੀਜਿਆ ਨਰਮਾ
ਪਿੰਡ ਰਹੂੜਿਆਂ ਵਾਲੀ ਪਿਛਲੇਂ ਕਈ ਸਾਲਾਂ ਤੋਂ ਸੇਮ ਦੀ ਮਾਰ ਹੇਠ ਹੈ ਤੇ ਇਸੇ ਕਰਕੇ ਜ਼ਮੀਨਾਂ ਵਿਚੋਂ ਪਾਣੀ ਛੇਤੀ ਨਹੀਂ ਸੁੱਕਦਾ ਤੇ ਫਸਲਾਂ ਮਾਰੀਆਂ ਜਾਂਦੀਆਂ ਹਨ। ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ ਤੇ ਦੂਰ-ਦੂਰ ਤੱਕ ਖੇਤਾਂ ਵਿਚ ਮੀਂਹ ਦਾ ਪਾਣੀ ਖੜ੍ਹਾ ਹੈ । ਇਸ ਤੋਂ ਇਲਾਵਾ ਪਿੰਡ ਤਰਖਾਣ ਵਾਲਾ ਅਤੇ ਚਿੱਬੜਾਂ ਵਾਲੀ ਵਿਖੇ ਵੀ ਮੀਂਹ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕੀਤਾ ਹੈ ਅਤੇ ਕੁੱਝ ਘਰਾਂ ਦੇ ਨਾਲ ਪਾਣੀ ਲੱਗਿਆ ਖੜ੍ਹਾ ਹੈ ।
ਗੰਦੇ ਪਾਣੀ ਕਾਰਨ ਲੱਗ ਸਕਦੀਆਂ ਹਨ ਬੀਮਾਰੀਆਂ
ਲਗਭਗ ਸਾਰੇ ਹੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜਿਹੜਾ ਗੰਦਾ ਪਾਣੀ ਖੇਤਾਂ ਅਤੇ ਘਰਾਂ ਦੇ ਨੇੜੇ-ਤੇੜੇ ਖੜ੍ਹਾ ਹੈ ਉਸ ਪਾਣੀ ਦੇ ਕਰਕੇ ਲੋਕਾਂ ਨੂੰ ਭਿਆਨਕ ਬੀਮਾਰੀਆਂ ਲੱਗਣ ਦਾ ਵਧੇਰੇ ਖਤਰਾ ਹੈ । ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਜਿਹੀਆਂ ਥਾਵਾਂ 'ਤੇ ਅਜੇ ਤੱਕ ਕੀੜਿਆਂ ਤੋਂ ਬਚਾ ਕਰਨ ਲਈ ਕੋਈ ਸਪਰੇਅ ਨਹੀਂ ਕਰਵਾਈ ਗਈ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਗੰਭੀਰ ਹੋ ਸਕਦੇ।
ਜਲਦੀ ਰਾਹਤ ਦਿੱਤੇ ਜਾਣ ਦੀ ਕੀਤੀ ਗਈ ਮੰਗ
ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।