ਰੇਲ ਮੰਡਲ ਦੇਸ਼ ਭਰ ''ਚ ਅਨਾਜ ਦੀ ਸਪਲਾਈ ਸੁਚਾਰੂ ਬਣਾਈ ਰੱਖਣ ''ਚ ਨਿਭਾ ਰਿਹੈ ਅਹਿਮ ਭੂਮਿਕਾ: ਸੰਜੀਵ ਕੁਮਾਰ
Friday, May 01, 2026 - 07:45 PM (IST)
ਜੈਤੋ, (ਰਘੁਨੰਦਨ ਪਰਾਸ਼ਰ)- ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਫਿਰੋਜ਼ਪੁਰ ਮੰਡਲ ਵੱਲੋਂ ਪੰਜਾਬ ਰਾਜ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੱਕ ਅਨਾਜ ਦੀ ਸਪਲਾਈ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਏ ਰੱਖਣ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਮੰਡਲ ਵੱਲੋਂ ਭਾਰਤੀ ਖੁਰਾਕ ਨਿਗਮ (FCI) ਅਤੇ ਹੋਰ ਸਬੰਧਤ ਖੁਰਾਕ ਏਜੰਸੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਮੰਗ ਅਨੁਸਾਰ ਸਰਵਉੱਚ ਤਰਜੀਹ ਦਿੰਦੇ ਹੋਏ ਮਾਲ ਗੱਡੀਆਂ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ।
ਮੰਡਲ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਅਨਾਜ ਦੀ ਸੁਰੱਖਿਅਤ ਲੋਡਿੰਗ, ਤੇਜ਼ ਆਵਾਜਾਈ ਅਤੇ ਸੁਚਾਰੂ ਸੰਚਾਲਨ ਯਕੀਨੀ ਹੋ ਸਕੇ। ਇਸ ਦੇ ਨਾਲ ਹੀ, ਕੁਸ਼ਲ ਸੰਚਾਲਨ ਰਾਹੀਂ ਮਾਲ ਗੱਡੀਆਂ ਨੂੰ ਨਿਰਧਾਰਤ ਮੰਜ਼ਿਲਾਂ ਤੱਕ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚਾਇਆ ਜਾ ਰਿਹਾ ਹੈ।
ਇਸੇ ਲੜੀ ਤਹਿਤ, ਫਿਰੋਜ਼ਪੁਰ ਮੰਡਲ ਨੇ 30 ਅਪ੍ਰੈਲ 2026 ਨੂੰ ਇੱਕ ਹੀ ਦਿਨ ਵਿੱਚ 13 ਮਾਲ ਗੱਡੀਆਂ ਦੀ ਲੋਡਿੰਗ ਕਰਕੇ ਰਿਕਾਰਡ ਸਥਾਪਿਤ ਕੀਤਾ ਹੈ। ਇਨ੍ਹਾਂ 13 ਮਾਲ ਗੱਡੀਆਂ ਵਿੱਚ ਕੁੱਲ 562 ਵੈਗਨਾਂ ਦੀ ਲੋਡਿੰਗ ਕੀਤੀ ਗਈ, ਜੋ ਮੰਡਲ ਦੇ ਇਤਿਹਾਸ ਵਿੱਚ ਇੱਕ ਨਵਾਂ ਮੀਲ ਪੱਥਰ ਹੈ।
ਮੰਡਲ ਦੇ ਖਾਸਾ, ਜੰਡਿਆਲਾ, ਤਰਨ ਤਾਰਨ, ਪੱਟੀ, ਕਰਤਾਰਪੁਰ, ਬਟਾਲਾ, ਨਕੋਦਰ, ਬੰਗਾ, ਗੰਗਸਰ ਜੈਤੋ, ਨੂਰਮਹਿਲ, ਨਵਾਂਸ਼ਹਿਰ ਦੋਆਬਾ, ਅਜੀਤਵਾਲ ਅਤੇ ਕੋਟਕਪੂਰਾ ਰੇਲਵੇ ਸਟੇਸ਼ਨਾਂ ਤੋਂ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਚਾਵਲ ਦੀ ਲੋਡਿੰਗ ਕਰਕੇ ਵੱਖ-ਵੱਖ ਮੰਜ਼ਿਲਾਂ ਲਈ ਰਵਾਨਾ ਕੀਤੀ ਗਈ। ਮੰਡਲ ਰੇਲ ਪ੍ਰਬੰਧਕ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੇਸ਼ ਭਰ ਵਿੱਚ ਅਨਾਜ ਦੀ ਸਪਲਾਈ ਨੂੰ ਸੁਚਾਰੂ ਬਣਾਏ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
