ਜ਼ਮੀਨੀ ਵਿਵਾਦ ਦਾ ਖ਼ੌਫਨਾਕ ਰੂਪ, ਪਿੰਡ ਢਿਪਾਲੀ ''ਚ ਦੋ ਧਿਰਾਂ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ
Sunday, Mar 05, 2023 - 10:20 AM (IST)

ਭਾਈਰੂਪਾ (ਜ.ਬ.) : ਪਿੰਡ ਢਿਪਾਲੀ ਵਿਖੇ ਦੋ ਧਿਰਾਂ ਦੇ ਜ਼ਮੀਨੀ ਵਿਵਾਦ ਕਾਰਨ ਗੋਲ਼ੀਆਂ ਚੱਲਣ ਅਤੇ ਵਾਹਨਾਂ ਦੀ ਭੰਨ-ਤੋੜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਗਟ ਸਿੰਘ ਵਾਸੀ ਢਿਪਾਲੀ ਵੱਲੋਂ ਥਾਣਾ ਫੂਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਬੀਤੀ ਰਾਤ ਕਰੀਬ 8 ਵਜੇ ਜਦੋਂ ਉਹ ਆਪਣੇ ਦੋ ਦੋਸਤਾਂ ਨਾਲ ਪਿੰਡ ਦੇ ਜਿੰਮ ਵਿਚ ਮੌਜੂਦ ਸੀ ਤਾਂ ਜਿੰਮ ਦੇ ਬਾਹਰ 10-12 ਵਿਅਕਤੀ ਦੋ ਕਾਰਾਂ ਅਤੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਕੋਲ ਰਿਵਾਲਵਰ, ਬੰਦੂਕਾਂ, ਲੋਹੇ ਦੀਆਂ ਰਾਡਾਂ , ਬੇਸਬਾਲ ਤੇ ਬੈਟ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵਿਚ ਨਿਰਭੈ ਸਿੰਘ, ਹੁਕਮ ਸਿੰਘ, ਸੁੱਖੀ ਸਿੰਘ ਵਾਸੀਆਨ ਢਿਪਾਲੀ, ਸਤਨਾਮ ਸਿੰਘ ਤੇ ਅਵਤਾਰ ਸਿੰਘ ਵਾਸੀ ਭਾਈਰੂਪਾ ਅਤੇ ਕੁਲਵਿੰਦਰ ਸਿੰਘ ਵਾਸੀ ਫੂਲ ਸਮੇਤ 5-6 ਨਾਮਾਲੂਮ ਵਿਅਕਤੀ ਸਨ। ਉਸ ਨੇ ਦੱਸਿਆ ਕਿ ਨਿਰਭੈ ਸਿੰਘ ਨੇ ਜਿੰਮ ਦੇ ਬਾਹਰੋਂ ਜ਼ਮੀਨ ਵਿਚ ਵੜ੍ਹ ਕੇ ਵਿਖਾਉਣ ਦਾ ਲਲਕਾਰਾ ਮਾਰਦਿਆਂ ਸਾਡੇ ਵੱਲ ਫਾਇਰ ਕੀਤਾ ਤਾਂ ਅਸੀਂ ਜਿੰਮ ਦਾ ਦਰਵਾਜ਼ਾ ਬੰਦ ਕਰ ਲਿਆ।
ਇਹ ਵੀ ਪੜ੍ਹੋ- ਸੰਗਰੂਰ ਦੇ ਪਿੰਡ ਮੰਗਵਾਲ ਨੇ ਪਾਸ ਕੀਤਾ ਅਨੋਖਾ ਮਤਾ, ਜੇ ਕੀਤੀ ਇਹ ਗ਼ਲਤੀ ਤਾਂ ਹੋਵੇਗਾ ਮੂੰਹ ਕਾਲਾ
ਉਪਰੰਤ ਉਹ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਇਰਿੰਗ ਕਰਦੇ ਰਹੇ ਅਤੇ ਬਾਅਦ ਵਿਚ ਆਪਣੇ ਹੀ ਵਾਹਨਾਂ ਦੀ ਭੰਨ-ਤੋੜ ਕਰਨ ਲੱਗੇ। ਇਸ ਦੌਰਾਨ ਅਸੀਂ ਪਿੰਡ ਦੀ ਸਰਪੰਚ ਸ਼ਿੰਦਰਪਾਲ ਕੌਰ ਨੂੰ ਫੋਨ ਕਰ ਕੇ ਸਾਡੀ ਜਾਨ ਬਚਾਉਣ ਲਈ ਕਿਹਾ ਤਾਂ ਉੱਥੇ ਪਿੰਡ ਵਾਸੀ ਇਕੱਠੇ ਹੋਣ ਲੱਗੇ, ਜਿਨ੍ਹਾਂ ਨੂੰ ਦੇਖਦਿਆਂ ਉਕਤ ਸਾਰੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਗਟ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਨ੍ਹਾਂ ਨੇ ਨਿਰਭੈ ਸਿੰਘ ਦੇ ਚਾਚੇ ਦੇ ਮੁੰਡੇ ਤੋਂ ਜ਼ਮੀਨ ਖ਼ਰੀਦੀ ਸੀ ਪਰ ਨਿਰਭੈ ਸਿੰਘ ਸਾਨੂੰ ਜ਼ਮੀਨ ’ਤੇ ਕਬਜ਼ਾ ਕਰਨ ਨਹੀਂ ਦੇ ਰਿਹਾ ਅਤੇ ਇਸ ਸਬੰਧੀ ਉਨ੍ਹਾਂ ਦੀ ਪਿਛਲੇ ਸਾਲ ਵੀ ਲੜਾਈ ਹੋਈ ਸੀ। ਕੇਸ ਦੇ ਜਾਂਚ ਅਫ਼ਸਰ ਜਗਦੇਵ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਦੇ ਬਿਆਨਾਂ ਮੁਤਾਬਕ ਉਕਤ ਵਿਅਕਤੀਆਂ ਖ਼ਿਲਾਫ਼ ਧਾਰਾ 307 ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਦਕਿ ਦੂਜੀ ਧਿਰ ਦੇ ਬਿਆਨ ਵੀ ਲਿਖੇ ਜਾ ਰਹੇ ਹਨ, ਜਿਨ੍ਹਾਂ ਮੁਤਾਬਕ ਕਰਾਸ ਪਰਚਾ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਫੋਨ ਬੰਦ ਕਰਨ ਦਾ ਕਹਿਣ 'ਤੇ ਤੈਸ਼ 'ਚ ਆਏ ਕਲਯੁੱਗੀ ਪੁੱਤ ਨੇ ਛੱਤ ਤੋਂ ਹੇਠਾਂ ਸੁੱਟੀ ਮਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।