ਫਿਰੋਜ਼ਪੁਰ ’ਚ ਕਣਕ ਲਗਾ ਰਹੇ ਪਿਓ-ਪੁੱਤ ’ਤੇ ਹਮਲਾ, ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
Monday, Nov 07, 2022 - 12:25 PM (IST)
ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਦੇ ਕਸਬਾ ਮੁਦਕੀ ਤੋਂ ਖੇਤ 'ਚ ਕੰਮ ਕਰ ਰਹੇ ਕਿਸਾਨ ਦੇ ਫਾਇਰਿੰਗ ਦੌਰਾਨ ਗੋਲ਼ੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਕਿਸਾਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁਦਕੀ ਦਾ ਰਹਿਣ ਵਾਲਾ ਕਿਸਾਨ ਮਲਕੀਤ ਸਿੰਘ ਆਪਣੇ ਮੁੰਡੇ ਰਾਜਵੀਰ ਸਿੰਘ ਨਾਲ ਖੇਤ 'ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਕਾਰ ਸਵਾਲ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ , ਜਿਸ ਵਿੱਚ ਕਿਸਾਨ ਮਲਕੀਤ ਸਿੰਘ ਦੇ ਗੋਲ਼ੀ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਸੰਬੰਧੀ ਗੱਲ ਕਰਦਿਆਂ ਕਿਸਾਨ ਦੇ ਮੁੰਡੇ ਰਾਜਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਖੇਤ 'ਚ ਕਣਕ ਦੀ ਬਿਜਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ , ਬਟਾਲਾ 'ਚ ਗੁੱਜਰ ਧੜਿਆਂ ਵਿਚਾਲੇ ਚੱਲੀਆਂ ਗੋਲ਼ੀਆਂ
ਇਸ ਦੌਰਾਨ 4 ਕਾਰ ਸਵਾਰ ਹਮਲਾਵਰ ਉੱਥੇ ਆ ਗਏ। ਉਨ੍ਹਾਂ ਵਿੱਚੋਂ 3 ਵਿਅਕਤੀ ਗੱਡੀ ਤੋਂ ਬਾਹਰ ਆ ਗਏ, ਜਿਨ੍ਹਾਂ ਵਿੱਚੋਂ 2 ਦੇ ਹੱਥ 'ਚ ਰਿਵਾਲਵਰ ਸੀ ਅਤੇ ਇਕ ਦੇ ਹੱਥ ਬੈਸਬਾਲ ਸੀ। ਉਕਤ ਹਮਲਾਵਰਾਂ ਨੇ ਉਨ੍ਹਾਂ ਦੋਵਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਅਸੀਂ ਦੋਵੇਂ ਆਪਣੀ ਜਾਨ ਬਚਾਉਂਦੇ ਇਧਰ-ਓਧਰ ਭੱਜਣ ਲੱਗੇ ਅਤੇ ਫਾਇਰਿੰਗ ਦੌਰਾਨ ਉਸ ਦੇ ਪਿਤਾ ਦੇ ਪੱਟ 'ਤੇ ਇਕ ਗੋਲ਼ੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲਾਵਰ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਰਾਜਵੀਰ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੇ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਗੱਲਬਾਤ ਕਰਦਿਆਂ ਪੁਲਸ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।