ਵਿਆਹ ਦੇ ਰੰਗ 'ਚ ਪਿਆ ਭੰਗ, DJ 'ਤੇ ਮਨਪਸੰਦ ਗਾਣਾ ਚਲਾਉਣ ਨੂੰ ਲੈ ਕੇ ਚੱਲੀ ਗੋਲ਼ੀ

02/05/2024 5:14:04 AM

ਲੁਧਿਆਣਾ (ਗੌਤਮ)- ਦੁੱਗਰੀ ਇਲਾਕੇ ’ਚ ਸਥਿਤ ਇਕ ਮੈਰਿਜ ਪੈਲੇਸ 'ਗ੍ਰੀਨ ਐਲੇ' ’ਚ ਚੱਲ ਰਹੇ ਵਿਆਹ ਸਮਾਗਮ ਦਾ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਇਕ ਨੌਜਵਾਨ ਨੇ ਫਾਈਰਿੰਗ ਕਰ ਦਿੱਤੀ, ਜਿਸ ਕਾਰਨ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸ ਦੀ ਛਾਤੀ ’ਚ ਲੱਗੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਛਪਾਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲੇ ਨੌਜਵਾਨ ਅਤੇ ਜ਼ਖਮੀ ਹੋਏ ਨੌਜਵਾਨ ’ਚ ਡੀ.ਜੇ. ’ਤੇ ਗਾਣਾ ਚਲਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਫਾਈਰਿੰਗ ਕਰਨ ਵਾਲੇ ਨੌਜਵਾਨ ਦਾ ਗਾਣਾ ਚੱਲ ਰਿਹਾ ਸੀ, ਜਦਕਿ ਜ਼ਖਮੀ ਨੌਜਵਾਨ ਵਿੱਕੀ ਆਪਣੀ ਪਸੰਦ ਦਾ ਗਾਣਾ ਲਗਵਾਉਣ ਲੱਗਾ ਤਾਂ ਗੁੱਸੇ ’ਚ ਆਏ ਨੌਜਵਾਨ ਨੇ ਫਾਈਰਿੰਗ ਕਰ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨ ਨੇ ਤਿੰਨ ਤੋਂ ਵੱਧ ਫਾਇਰ ਕੀਤੇ। ਹਵਾਈ ਫਾਇਰ ਕਰਨ ਤੋਂ ਇਲਾਵਾ ਨੌਜਵਾਨ ਨੇ ਸਿੱਧਾ ਨੌਜਵਾਨ ਵੱਲ ਵੀ ਫਾਇਰ ਕਰ ਦਿੱਤਾ।

ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ

ਇਸ ਘਟਨਾ ਦਾ ਪਤਾ ਲਗਦੇ ਹੀ ਏ.ਸੀ.ਪੀ. ਅਤੇ ਥਾਣਾ ਦੁੱਗਰੀ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਮੌਕੇ ’ਤੇ ਕਿੰਨੇ ਫਾਇਰ ਹੋਏ, ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਵਾਰਦਾਤ ਵਾਲੀ ਜਗ੍ਹਾ ’ਤੇ ਪੁੱਜਦੇ ਹੀ ਪੁਲਸ ਨੇ ਮੈਰਿਜ ਪੈਲੇਸ ਸੀਲ ਕਰ ਦਿੱਤਾ। ਇਸ ਦੌਰਾਨ ਪੁਲਸ ਨੇ ਫਾਇਰ ਕਰਨ ਵਾਲੇ ਨੌਜਵਾਨ ਸਮੇਤ 6 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ। ਇਸ ਗੱਲ ਦੀ ਵੀ ਚਰਚਾ ਰਹੀ ਕਿ ਫਾਇਰ ਕਰਨ ਵਾਲਾ ਪੁਲਸ ਮੁਲਾਜ਼ਮ ਹੈ ਪਰ ਅਜੇ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੇ ਮੌਕੇ ’ਤੇ ਬਣਾਈ ਵੀਡੀਓ ਵੀ ਕਬਜ਼ੇ ’ਚ ਲੈਣ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ’ਚ ਲੈ ਲਈ ਹੈ। ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਸੀ ਅਤੇ ਹਿਰਾਸਤ ’ਚ ਲਏ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਸੀ।

ਮੈਰਿਜ ਪੈਲੇਸ ਗ੍ਰੀਨ ਐਲੇ ’ਚ ਐਤਵਾਰ ਨੂੰ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਪੱਖੋਵਾਲ ਰੋਡ ਕੋਲ ਸਥਿਤ ਪਿੰਡ ਲਿੱਤਰਾਂ ਤੋਂ ਬਰਾਤ ਆਈ ਹੋਈ ਸੀ। ਫਾਇਰਿੰਗ ਕਰਨ ਵਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਬਰਾਤ ’ਚ ਆਇਆ ਸੀ ਪਰ ਇਸ ਗੱਲ ਦਾ ਵੀ ਪਤਾ ਨਹੀਂ ਲੱਗਾ ਕਿ ਜ਼ਖਮੀ ਨੌਜਵਾਨ ਕਿਸ ਧਿਰ ਵੱਲੋਂ ਸੀ। ਸਮਾਗਮ ਦੌਰਾਨ ਖੁਸ਼ੀ ਦਾ ਮਾਹੌਲ ਸੀ ਅਤੇ ਲੋਕ ਡੀ.ਜੇ. ਦੀ ਧੁਨ ’ਤੇ ਨੱਚ ਰਹੇ ਸਨ ਕਿ ਅਚਾਨਕ ਹੀ ਗੋਲੀ ਚੱਲਣ ਕਾਰਨ ਮਾਹੌਲ ਖਰਾਬ ਹੋ ਗਿਆ ਅਤੇ ਸਮਾਗਮ ਨੂੰ ਵਿਚਾਲੇ ਹੀ ਰੋਕਣਾ ਪਿਆ। ਮੌਕੇ ’ਤੇ ਪੁੱਜੇ ਏ.ਸੀ.ਪੀ. ਨੇ ਦੱਸਿਆ ਕਿ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਤੇ ਜਾਣਕਾਰੀ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ 

ਮੁੱਢਲੀ ਜਾਂਚ ’ਚ ਡੀ.ਜੇ. ’ਤੇ ਗਾਣਾ ਚਲਾਉਣ ਕਰ ਕੇ ਹੀ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ ਪਰ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਦੀ ਪਹਿਲਾਂ ਕੋਈ ਰੰਜਿਸ਼ ਜਾਂ ਕੋਈ ਹੋਰ ਕਾਰਨ ਤਾਂ ਨਹੀਂ ਹੈ। ਗੋਲੀ ਚਲਾਉਣ ਵਾਲੇ ਨੌਜਵਾਨ ਸਮੇਤ 6 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ। ਸਾਰੇ ਐਂਗਲਾਂ ਤੋਂ ਜਾਂਚ ਕਰ ਕੇ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

 

ਮੈਰਿਜ ਪੈਲੇਸ ’ਚ ਹਥਿਆਰ ਲਿਜਾਣ ’ਤੇ ਪਾਬੰਦੀ- ਗੌਰ ਹੋਵੇ ਕਿ ਪੰਜਾਬ ਪੁਲਸ ਵੱਲੋਂ ਮੈਰਿਜ ਪੈਲੇਸ ’ਚ ਸਮਾਗਮ ਦੌਰਾਨ ਹਥਿਆਰ ਲਿਜਾਣ ’ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਆਏ ਦਿਨ ਮੈਰਿਜ ਪੈਲੇਸ ’ਚ ਇਸ ਤਰ੍ਹਾਂ ਦੇ ਹਾਦਸੇ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਸਵਾਲੀਆ ਨਿਸ਼ਾਨ ਲਗਦਾ ਹੈ। ਏ.ਸੀ.ਪੀ ਨੇ ਮੌਕੇ ’ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਨੂੰਨ ਨਾਲ ਨਾ ਖੇਡਣ। ਅਜਿਹਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਮੈਰਿਜ ਪੈਲੇਸ ਮਾਲਕਾਂ ਨੂੰ ਵੀ ਪੈਲੇਸ ਦੇ ਐਂਟਰੀ ਗੇਟਾਂ ਦੇ ਨਾਲ-ਨਾਲ ਹੋਰਨਾਂ ਥਾਵਾਂ ’ਤੇ ਹਥਿਆਰ ਨਾ ਲਿਜਾਣ ਦੇ ਸਬੰਧ ’ਚ ਬੋਰਡ ਲਗਾਉਣ ਦੀ ਹਦਾਇਤ ਕੀਤੀ। ਆਉਣ ਵਾਲੇ ਸਮੇਂ ’ਚ ਲਾਪਰਵਾਹੀ ਦਿਖਾਉਣ ਵਾਲਿਆਂ ਖਿਲਾਫ ਉਚਿਤ ਕਾਰਵਾਈ ਕੀਤੀ ਜਾਵੇਗੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਪੈਲੇਸ ’ਚ ਮੌਜੂਦ ਸਕਿਓਰਿਟੀ ਗਾਰਡ ਵੱਲੋਂ ਹਥਿਆਰ ਅੰਦਰ ਲਿਜਾਣ ਤੋਂ ਕਿਉਂ ਨਹੀਂ ਰੋਕਿਆ ਗਿਆ।

ਇਹ ਵੀ ਪੜ੍ਹੋ- ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 2 ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News