ਫਿਰੋਜ਼ਪੁਰ : ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਐੱਸ. ਸੀ. ਕਮਿਸ਼ਨ ਆਇਆ ਅੱਗੇ, ਪੁਲਸ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਹੁਕਮ

05/11/2021 8:00:43 PM

 ਫਿਰੋਜ਼ਪੁਰ (ਹਰਚਰਨ)-ਬੀਤੇ ਦਿਨੀਂ ਪਿੰਡ ਖਲਚੀ ਜਦੀਦ ਵਿਖੇ ਇਕੋ ਪਰਿਵਾਰ ਦੇ 7 ਮੈਂਬਰਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਸਬੰਧੀ  ਐੱਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਵੇਰਕਾ ਨੇ ਅੱਜ ਪੀੜਤ ਪਰਿਵਾਰ ਕੋਲ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਾਰੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ, ਬਰਿੰਦਰ ਸਿੰਘ ਗਿੱਲ ਡੀ. ਐੱਸ.ਪੀ., ਕੁਲਵਿੰਦਰ ਸਿੰਘ ਐੱਸ. ਐੱਚ. ਓ. ਥਾਣਾ ਸਦਰ ਫਿਰੋਜ਼ਪੁਰ ਆਦਿ ਵੀ ਹਾਜ਼ਰ ਸਨ।

ਗੱਲਬਾਤ ਕਰਦਿਆਂ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਹਿੰਦਰ ਸਿੰਘ ਉਰਫ ਕਾਲਾ ਵਾਸੀ ਖਲਚੀ ਜਦੀਦ ਵੱਲੋਂ ਕਮਿਸ਼ਨ ਨੂੰ ਇਕ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਇਸ ਕੇਸ ’ਚ ਇਨਸਾਫ ਨਹੀਂ ਮਿਲ ਰਿਹਾ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਨੁਸੂਚਿਤ ਜਾਤੀ ਪੰਜਾਬ ਰਾਜ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਵੱਲੋਂ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਹਾ ਗਿਆ, ਜਿਸ ’ਤੇ ਸਖ਼ਤ ਐਕਸ਼ਨ ਲੈਂਦੇ ਹੋਏ ਅੱਜ ਐੱਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਰਾਜ ਕੁਮਾਰ ਹੰਸ ਅਤੇ ਦੀਪਕ ਵੇਰਕਾ ਨੇ ਪਿੰਡ ਖਲਚੀ ਜਦੀਦ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਸਾਰੀ ਜਾਣਕਾਰੀ ਲਈ ਅਤੇ ਪੁਲਸ ਪ੍ਰਸ਼ਾਸਨ ਨੂੰ ਨਿਯਮਾਂ ਮੁਤਾਬਕ ਇਸ ਮਾਮਲੇ ਵਿਚ ਐੱਸ. ਸੀ. ਐਕਟ ਲਗਾ ਕੇ ਧਾਰਾ ਵਿਚ ਵਾਧਾ ਕਰਨ ਲਈ ਕਿਹਾ।

ਇਸ ਤੋਂ ਇਲਾਵਾ ਮਾਮਲੇ ਵਿਚ ਜੋ ਵੀ ਦੋਸ਼ੀ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ 19 ਮਈ ਤੱਕ ਐੱਸ. ਸੀ. ਕਮਿਸ਼ਨ ਨੂੰ ਰਿਪੋਰਟ ਸੌਂਪਣ ਲਈ ਕਿਹਾ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਇਨਸਾਫ ਦਿਵਾਇਆ ਜਾਵੇਗਾ। ਇਸ ਉਪਰੰਤ ਕਮਿਸ਼ਨ ਦੇ ਮੈਂਬਰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਹਾਲ-ਚਾਲ ਵੀ ਪੁੱਛਣ ਲਈ ਗਏ। ਇਸ ਮੌਕੇ ਸੋਨੂੰ ਨਾਹਰ ਸਮਾਜ ਸੇਵੀ, ਲਾਲ ਸਿੰਘ ਸੁਲਹਾਣੀ, ਬਲਵਿੰਦਰ ਸਿੰਘ ਮੱਲਵਾਲ, ਰਾਕੇਸ਼ ਘਾਰੂ, ਰਾਮੇਸ਼ ਅਟਵਾਲ, ਸੂਰਜ ਮੱਲਵਾਲ, ਬਿੱਟੂ, ਪੂਰਨ ਭੱਟੀ ਆਦਿ ਵੀ ਹਾਜ਼ਰ ਸਨ।


Manoj

Content Editor

Related News