ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ

Sunday, Oct 13, 2024 - 05:06 AM (IST)

ਝੋਨੇ ਦੀ ਖ਼ਰੀਦ ਸ਼ੁਰੂ ਨਾ ਹੋਣ ’ਤੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ

ਬੱਧਨੀ ਕਲਾਂ (ਮਨੋਜ)-ਕਸਬਾ ਬੱਧਨੀ ਕਲਾਂ ਦੀ ਦਾਣਾ ਮੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਝੋਨੇ ਦੀ ਫ਼ਸਲ ਦੀ ਭਾਰੀ ਆਮਦ ਹੋਣ ਦੇ ਬਾਵਜੂਦ ਇਸ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਫ਼ਸਲ ਦੇ ਅੰਬਾਰ ਲੱਗ ਗਏ ਹਨ, ਜਿਸ ਕਰਕੇ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਦੇ ਮਜ਼ਦੂਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀ ਵਿਚ ਪਿਛਲੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ ਹੈ। ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜਬੂਰ ਹੋ ਰਹੇ ਹਨ।

ਇਥੇ ਜ਼ਿਕਰਯੋਗ ਹੈ ਕਿ ਆੜ੍ਹਤੀਆਂ ਅਤੇ ਰਾਈਸ ਮਿੱਲਜ਼ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਸੀ ਪਰ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਭਾਵੇਂ ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਅਤੇ ਰਾਈਸ ਮਿੱਲ ਮਾਲਕਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਸੂਬਾ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਝੋਨਾ ਵੇਚਣ ’ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਦੇ ਵਾਰ-ਵਾਰ ਐਲਾਨ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਹਕੀਕਤ ਇਹ ਹੈ ਕਿ ਜਦੋਂ ਤੱਕ ਮੰਡੀਆਂ ’ਚ ਘੱਟ ਸਮੇਂ ਵਿਚ ਪੱਕਣ ਵਾਲੀ ਕਿਸਮ ਪੀ. ਆਰ. 126 ਅਤੇ ਹਾਈਬ੍ਰਿਡ ਝੋਨੇ ਦੀਆਂ ਕਿਸਮਾਂ ਦੀ ਜੋ ਖ਼ਰੀਦ ਕੀਤੀ ਗਈ ਹੈ ਜਾਂ ਜੋ ਮੰਡੀਆਂ ਵਿਚ ਵਿਕਣ ਲਈ ਪਈ ਹੈ, ਉਸ ਦਾ ਰਾਈਸ ਮਿੱਲਾਂ ’ਚ ਸਟੋਰ ਕਰਨ ਦਾ ਕੋਈ ਸਥਾਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਝੋਨੇ ਦੀ ਖ਼ਰੀਦ ਪ੍ਰਕਿਰਿਆ ’ਤੇ ਸਵਾਲੀਆ ਨਿਸ਼ਾਨ ਲੱਗਾ ਰਹੇਗਾ।

ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਲਗਾਤਾਰ ਹੇਠਾਂ ਡਿੱਗ ਰਿਹੈ ਪਾਣੀ ਦਾ ਪੱਧਰ

ਸਰਕਾਰੀ ਦਬਾਅ ਹੇਠ ਭਾਵੇਂ ਕੁਝ ਕੁ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਝੋਨੇ ਦੀ ਖ਼ਰੀਦ ਦੇ ਸੁਚਾਰੂ ਪ੍ਰਬੰਧ ਸਬੰਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਖ਼ਰੀਦ ਕੀਤੇ ਝੋਨੇ ਦੀ ਚੁਕਾਈ ਨੂੰ ਲੈ ਕੇ ਕੋਈ ਸਪੱਸ਼ਟ ਨੀਤੀ ਨਾ ਹੋਣ ਕਾਰਨ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਵਿਚ ਅੜਿੱਕਾ ਪਿਆ ਹੀ ਰਹੇਗਾ। ਰਾਈਸ ਮਿੱਲਜ਼ ਕਿਸੇ ਵੀ ਹਾਲਾਤ ਵਿਚ ਪੀ. ਆਰ. 126 ਝੋਨਾ ਸਟੋਰ ਕਰਨ ਨੂੰ ਤਿਆਰ ਨਹੀਂ ਹਨ ਕਿਉਂਕਿ ਪੀ. ਆਰ. 126 ਝੋਨਾ ਅਤੇ ਹਾਈਬ੍ਰਿਡ ਝੋਨੇ ’ਚੋਂ ਚਾਵਲ ਦੀ ਮਾਤਰਾ ਸਰਕਾਰੀ ਮਾਪਦੰਡ ਤੋਂ 4 ਤੋਂ 5 ਕਿਲੋਗ੍ਰਾਮ ਪ੍ਰਤੀ ਕੁਇੰਟਲ ਘੱਟ ਨਿਕਲਦੀ ਹੈ। ਇਸੇ ਕਾਰਨ ਕਰਕੇ ਹੀ ਅਜੇ ਤੱਕ ਕਿਸੇ ਰਾਈਸ ਮਿੱਲਜ਼ ਮਾਲਕ ਵੱਲੋਂ ਆਪਣੇ ਸ਼ੈਲਰ ਦੀ ਨਾ ਤਾਂ ਅਲਾਟਮੈਂਟ ਕਰਵਾਈ ਗਈ ਅਤੇ ਨਾ ਹੀ ਰਾਈਸ ਮਿੱਲ ਚਲਾਉਣ ਦੀ ਵੀ ਕੋਈ ਤਿਆਰੀ ਕੀਤੀ ਹੈ।

ਸੂਬਾ ਸਰਕਾਰ ਨੇ ਇਸ ਮੁਸ਼ਕਿਲ ਦਾ ਸਹੀ ਹੱਲ ਨਾ ਕੱਢ ਕੇ ਰਾਈਸ ਮਿੱਲ ਮਾਲਕਾਂ ਅਤੇ ਆੜ੍ਹਤੀਆਂ ਨਾਲ ਸਮਝੌਤਾ ਕਰਕੇ ਫੋਕੀ ਸ਼ੌਹਰਤ ਤਾਂ ਹਾਸਿਲ ਕਰ ਲਈ ਹੈ ਪਰ ਹੁਣ ਜਦੋਂ ਅਨਾਜ ਮੰਡੀਆਂ ’ਚ ਝੋਨੇ ਦੀ ਆਮਦ ਵੱਧ ਗਈ ਹੈ ਤੇ ਖਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਲਈ ਮੁਸ਼ਕਿਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ, ਆਉਂਦੇ ਦੋ ਜਾਂ ਤਿੰਨ ਦਿਨਾਂ ’ਚ ਮੰਡੀਆਂ ’ਚ ਝੋਨਾ ਸੁੱਟਣ ਨੂੰ ਥਾਂ ਹੀ ਨਹੀਂ ਬਚੇਗੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 13 ਤੋਂ 15 ਅਕਤੂਬਰ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਠੇਕੇ ਵੀ ਰਹਿਣਗੇ ਬੰਦ

ਸੂਬੇ ਦੀਆਂ ਖ਼ਰੀਦ ਏਜੰਸੀਆਂ ਨੇ ਵੀ ਝੋਨੇ ਦੀ ਖ਼ਰੀਦ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਖ਼ਰੀਦ ਪਾਲਿਸੀ ਅਨੁਸਾਰ ਮੰਡੀਆਂ ’ਚੋਂ ਖ਼ਰੀਦ ਕੀਤੇ ਝੋਨੇ ਦੀ ਲਿਫ਼ਟਿੰਗ 72 ਘੰਟਿਆਂ ’ਚ ਨਹੀਂ ਹੋ ਰਹੀ ਹੈ ਸੋ ਖ਼ਰੀਦ ਕੀਤੇ ਝੋਨੇ ਦੀ ਕਟੌਤੀ ਅਤੇ ਗੁਣਵੱਤਾ ਦੇ ਉਹ ਜ਼ਿੰਮੇਵਾਰ ਨਹੀਂ ਹੋਣਗੇ ਇਸ ਤਰ੍ਹਾਂ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਅਸਿੱਧੇ ਢੰਗ ਨਾਲ ਝੋਨੇ ਦੀ ਖਰੀਦ ਤੋਂ ਆਪਣੀ ਅਸਮਰੱਥਾ ਪ੍ਰਗਟਾਈ ਹੈ। ਕੁੱਲ੍ਹ ਮਿਲਾ ਕੇ ਆਉਣ ਵਾਲੇ ਦਿਨਾਂ ’ਚ ਕਿਸਾਨਾਂ ਆੜ੍ਹਤੀਆਂ ਅਤੇ ਸੂਬਾ ਸਰਕਾਰ ਨੂੰ ਹੋਰ ਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਡੀ ਵਿਚ ਬੈਠੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ ’ਤੇ ਕਿਸਾਨਾਂ ਵੱਲੋਂ ਬੀਜੀ ਪੀ. ਆਰ. 126 ਝੋਨੇ ਦੀ ਖ਼ਰੀਦ ਲਈ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਕੋਈ ਸਾਰਥਿਕ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਕਿਸਾਨ ਮੰਡੀਆਂ ਵਿਚ ਰੁਲਣ ਤੋਂ ਬਚ ਸਕਣ।

ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News