ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

02/10/2020 8:08:14 PM

ਅੱਪਰਾ, (ਅਜਮੇਰ ਚਾਨਾ)— ਸਰਕਾਰਾਂ ਦੀਆਂ ਨਲਾਇਕੀਆਂ ਕਾਰਣ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਆਪ ਭੁੱਖਾ ਮਰਨ ਅਤੇ ਫਾਹੇ ਲੱਗਣ ਦੀ ਕਗਾਰ 'ਤੇ ਖੜ੍ਹਾ ਹੈ। ਇਸੇ ਸੰਤਾਪ ਦੇ ਗੇੜ 'ਚ ਫਸੇ ਹੋਏ ਅੱਪਰਾ ਦੇ ਇਕ ਕਿਸਾਨ ਜਗੀਰ ਸਿੰਘ ਨੇ ਵੀ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਗੀਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਆਪਣੀ ਜ਼ਮੀਨ ਬਹੁਤ ਥੋੜ੍ਹੀ ਹੋਣ ਕਾਰਣ ਹਾਲੇ ਭੌਲੀ 'ਤੇ ਜ਼ਮੀਨ ਲੈ ਲਈ ਪਰ ਉਸ ਜ਼ਮੀਨ ਦੀ ਫਸਲ ਮਰਨ ਕਾਰਨ ਉਹ ਕਰਜ਼ੇ ਦੇ ਜਾਲ 'ਚ ਫਸ ਗਿਆ। ਸਟੇਟ ਬੈਂਕ ਤੋਂ ਬਣਾਈ ਹੋਈ ਲਿਮਟ ਨੇ ਉਸਦੀ ਜ਼ਿੰਦਗੀ ਦੀ ਲਿਮਟ ਨੂੰ ਖਤਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਉਸਨੂੰ ਵਾਰ-ਵਾਰ ਇਹ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਮਾਰਚ ਤੱਕ ਪੈਸੇ ਨਾ ਜਮ੍ਹਾਂ ਕਰਵਾਏ ਤਾਂ ਉਸ ਨੂੰ ਪੁਲਸ ਕੋਲ ਫੜਾ ਦਿੱਤਾ ਜਾਵੇਗਾ। ਬੈਂਕ ਕਰਮਚਾਰੀਆਂ ਵੱਲੋਂ ਬਣਾਏ ਗਏ ਦਬਾਅ ਨੂੰ ਝਲਦੇ ਹੋਏ ਜਗੀਰ ਸਿੰਘ ਨੇ ਸ਼ਹਿਰ ਗੁਰਾਇਆ ਜਾ ਕੇ ਟਰੇਨ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਗੀਰ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਜਗੀਰ ਸਿੰਘ ਨੇ ਇਹ ਕਰਜ਼ਾ ਖੇਤੀਬਾੜੀ ਲਈ ਲਿਆ ਸੀ ਤਾਂ ਜੋ ਅੰਨ ਪੈਦਾ ਕਰ ਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਜਾ ਸਕੇ। ਇਸ ਲਈ ਸਰਕਾਰ ਉਸਦੀ ਮੌਤ ਦਾ ਮੁਆਵਜ਼ਾ ਦੇਵੇ ਅਤੇ ਉਸਦੀ ਜ਼ਮੀਨ ਨੂੰ ਕਰਜ਼ਾ ਮੁਕਤ ਕਰੇ ਨਹੀਂ ਤਾਂ ਜਿਹੜਾ ਡਿਪਰਸ਼ੈਨ ਉਸਦੇ ਪਤੀ ਦੇ ਸਿਰ 'ਤੇ ਸੀ ਉਹੋ ਹੀ ਉਨ੍ਹਾਂ 'ਤੇ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਉਸਦਾ ਇਕੋ-ਇਕ ਪੁੱਤਰ ਹੈ ਉਹ ਵੀ ਆਪਣੇ ਬਾਪ ਦੇ ਕਰਜ਼ੇ ਦੇ ਭਾਰ ਨੂੰ ਝੱਲ ਨਹੀਂ ਸਕਦਾ ਸੋ ਸਰਕਾਰ ਜਲਦੀ ਤੋਂ ਜਲਦੀ ਸਾਡੀ ਮਦਦ ਕਰੇ।



 


KamalJeet Singh

Content Editor

Related News