ਕਰਜੇ ਦੇ ਦੈਤ ਨੇ ਨਿਗਲਿਆ ਇਕ ਹੋਰ ਕਿਸਾਨ
Saturday, Jul 11, 2020 - 08:46 PM (IST)
ਭਵਾਨੀਗੜ੍ਹ, (ਕਾਂਸਲ)-ਨੇੜਲੇ ਪਿੰਡ ਘਨੌੜ ਜੱਟਾਂ ਵਿਖੇ ਕਰਜੇ ਦੇ ਭਾਰ ਨੂੰ ਲੈ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਇਕ ਕਿਸਾਨਾਂ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਤੇਜ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਿਰ ਬੈਂਕ ਅਤੇ ਸੁਸਾਇਟੀ ਦਾ 4 ਲੱਖ ਰੁਪੈ ਦੇ ਕਰੀਬ ਦਾ ਕਰਜੇ ਦਾ ਭਾਰ ਹੋਣ ਕਾਰਨ ਉਸ ਦਾ ਪਿਤਾ ਮਾਨਸਿਕ ਤੌਰ ’ਤੇ ਕਾਫੀ ਪੇ੍ਰਸ਼ਾਨ ਰਹਿੰਦਾ ਸੀ ਅਤੇ ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਦੇ ਪਿਤਾ ਨੇ ਬੀਤੇ ਦਿਨ ਰਾਤ ਸਮੇਂ ਆਪਣੇ ਪਸ਼ੂਆਂ ਵਾਲੇ ਘਰ ਦੇ ਬਾਗਲ ’ਚ ਲੱਗੇ ਡੇਕ ਦੇ ਦਰਖਤ ਨਾਲ ਰੱਸੀ ਬੰਨ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਲੜਕੇ ਨੇ ਦੱਸਿਆ ਕਿ ਉਹ ਜਦੋਂ ਸਵੇਰੇ ਤੜਕੇ ਆਪਣੇ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਲਈ ਪਸ਼ੂਆਂ ਵਾਲੇ ਬਾਗਲ ’ਚ ਗਿਆ ਤਾਂ ਉਸ ਨੇ ਆਪਣੇ ਪਿਤਾ ਦੀ ਲਾਸ਼ ਡੇਕ ਦੇ ਦਰਖਤ ਨਾਲ ਲਟਕਦੀ ਦੇਖੀ ਤਾਂ ਇਸ ਦੀ ਸੂਚਨਾਂ ਉਸ ਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਘਟਨਾਂ ਨੂੰ ਲੈ ਕੇ ਪਿੰਡ ਵਿਚ ਭਾਰੀ ਸੋਕ ਦੀ ਲਹਿਰ ਪਾਈ ਗਈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਇਕਾਈ ਪ੍ਰਧਾਨ ਜੁਵਾਲਾ ਸਿੰਘ, ਗੁਰਮੇਲ ਸਿੰਘ, ਜਗਦੀਪ ਸਿੰਘ ਅਤੇ ਅਮਰੀਕ ਸਿੰਘ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਸਾਨ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰਾਂ ਪ੍ਰਤੀ ਸਖ਼ਤ ਰੋਸ ਜਾਹਿਰ ਕੀਤਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕਰਜਾ ਮੁਕਤ ਕਰਨ ਲਈ ਕੋਈ ਯੋਗ ਉਪਰਾਲੇ ਨਾ ਕੀਤੇ ਜਾਣ ਕਾਰਨ ਪੰਜਾਬ ’ਚ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ।