ਪੰਜਾਬ ਸਮੇਤ ਫਰੀਦਕੋਟ ’ਚ ਖ਼ਰਾਬ ਵੈਂਟੀਲੇਟਰ ਭੇਜਣ ਦਾ ਮਾਮਲਾ ਗਰਮਾਇਆ, ਕੇਂਦਰ ਨੇ ਦਿੱਤਾ ਸਪੱਸ਼ਟੀਕਰਨ
Saturday, May 15, 2021 - 07:02 PM (IST)
ਫ਼ਰੀਦਕੋਟ (ਜਗਤਾਰ): ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਪ੍ਰਧਾਨ ਮੰਤਰੀ ਕੇਅਰਜ਼ ਫੰਡ ’ਚੋਂ ਭੇਜੇ ਗਏ ਮਾੜੀ ਕਿਸਮ ਦੇ ਵੈਂਟੀਲੇਟਰਾਂ ਦਾ ਮੁੱਦਾ ਭਖਣ ਮਗਰੋਂ ਕੇਂਦਰੀ ਸਿਹਤ ਵਿਭਾਗ ਨੇ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਜੋ ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ ਭੇਜੇ ਗਏ ਸਨ, ਉਹ ਪੂਰੀ ਤਰ੍ਹਾਂ ਮਿਆਰੀ, ਤਸੱਲੀਬਖਸ਼ ਅਤੇ ਵਰਤਣਯੋਗ ਹਨ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਜੀਵਨ ਰੱਖਿਅਕ ਮਸ਼ੀਨਾਂ ਖਰਾਬ ਹੋਈਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਕਾਰਨ ਉੱਜੜਨ ਲੱਗੇ ਪਰਿਵਾਰਾਂ ਦੇ ਪਰਿਵਾਰ, ਤਪਾ ਮੰਡੀ 'ਚ ਮਾਂ-ਪੁੱਤ ਮਗਰੋਂ ਹੁਣ ਪਿਓ ਦੀ ਮੌਤ
ਮੰਤਰਾਲੇ ਨੇ ਕਿਹਾ ਕਿ ਹਸਪਤਾਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਕੇਂਦਰ ਸਰਕਾਰ ਅਪ੍ਰੈਲ 2020 ਤੋਂ ਵੈਂਟੀਲੇਟਰਾਂ ਸਮੇਤ ਲੋੜੀਂਦੇ ਮੈਡੀਕਲ ਉਪਕਰਨ ਖਰੀਦਦੀ ਰਹੀ ਹੈ ਅਤੇ ਇਨ੍ਹਾਂ ਨੂੰ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ/ਕੇਂਦਰੀ ਹਸਪਤਾਲਾਂ/ਸੰਸਥਾਵਾਂ ਨੂੰ ਮੁਹੱਈਆ ਕਰਵਾਉਂਦੀ ਰਹੀ ਹੈ। ਭਾਰਤ ਸਰਕਾਰ ਨੇ ਮੀਡੀਆ ਵਿੱਚ ਆਈਆਂ ਰਿਪੋਰਟਾਂ ਕਿ 80 ’ਚੋਂ 71 ਐਗਵਾ ਵੱਲੋਂ ਤਿਆਰ ਵੈਂਟੀਲੇਟਰ ਹਸਪਤਾਲ ਵਿੱਚ ਬੇਕਾਰ ਪਏ ਹਨ, ਸਬੰਧੀ ਸਪੱਸ਼ਟ ਕੀਤਾ ਕਿ 88 ਵੈਂਟੀਲੇਟਰ ਭਾਰਤ ਇਲੈਕਟ੍ਰਾਨਿਕਸ ਅਤੇ ਪੰਜ ਐਗਵਾ ਵੱਲੋਂ ਸਪਲਾਈ ਕੀਤੇ ਗਏ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ
ਇਨ੍ਹਾਂ ਵੈਂਟੀਲੇਟਰਾਂ ਨੂੰ ਸਥਾਪਤ ਤੇ ਸ਼ੁਰੂ ਕਰਨ ਮਗਰੋਂ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਬੰਧੀ ਅੰਤਿਮ ਸਵੀਕਾਰਯੋਗ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਸਰਕਾਰੀ ਬੁਲਾਰੇ ਅਨੁਸਾਰ ਮਾਮਲਾ ਭੱਖਣ ਮਗਰੋਂ ਵੈਂਟੀਲੇਟਰ ਦੇ ਮਾਹਰ ਇੰਜਨੀਅਰਾਂ ਨੇ ਹਸਪਤਾਲ ’ਚ ਵੈਂਟੀਲੇਟਰਾਂ ਦੀ ਜਾਂਚ ਕੀਤੀ ਅਤੇ ਪੰਜ ਵੈਂਟੀਲੇਟਰ ਚਲਾ ਕੇ ਦਿਖਾਏ। ਸਿਹਤ ਵਿਭਾਗ ਅਨੁਸਾਰ ਸਰਕਾਰ ਵੱਲੋਂ ਭੇਜੇ ਵੈਂਟੀਲੇਟਰਾਂ ਨੂੰ ਚਲਾਉਣ ਤੋਂ ਪਹਿਲਾਂ ਫਲੋਅ ਸੈਂਸਰ, ਬੈਕਟੀਰੀਆ ਫਿਲਟਰ ਅਤੇ ਐੱਚ.ਐੱਮ.ਈ ਫਿਲਟਰ ਬਦਲਣੇ ਜ਼ਰੂਰੀ ਸਨ ਤਾਂ ਕਿ ਵੈਂਟੀਲੇਟਰ ਨੂੰ ਗੈਸ, ਹਵਾ ਤੇ ਆਕਸੀਜਨ ਦਾ ਸਹੀ ਪ੍ਰੈੱਸ਼ਰ ਮਿਲ ਸਕੇ ਪਰ ਫਰੀਦਕੋਟ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੇ ਵੈਂਟੀਲੇਟਰਾਂ ਵਿੱਚ ਇਹ ਤਬੀਦੀਲੀਆਂ ਨਹੀਂ ਕੀਤੀਆਂ, ਇਸੇ ਕਰਕੇ ਵੈਂਟੀਲੇਟਰ ਚਲਾਏ ਨਹੀਂ ਜਾ ਸਕੇ।
ਇਹ ਵੀ ਪੜ੍ਹੋ: ਬਠਿੰਡਾ ਏਮਜ਼ ’ਚ ਆਕਸੀਜਨ ਅਤੇ ਲੈਵਲ 3 ਦੀਆਂ ਸਹੂਲਤਾਂ ’ਚ ਕੀਤਾ ਜਾਵੇ ਵਾਧਾ : ਹਰਸਿਮਰਤ
ਕੇਂਦਰੀ ਸੰਯੁਕਤ ਸਕੱਤਰ ਡਾ. ਮਨਦੀਪ ਕੇ. ਭੰਡਾਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਾਹਰ ਸਟਾਫ਼ ਅਤੇ ਤਜਰਬੇ ਦੀ ਘਾਟ ਕਾਰਨ ਵੈਂਟੀਲੇਟਰ ਚਲਾਉਣ ਵਿੱਚ ਸਮੱਸਿਆ ਆਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਸੂਬੇ ਦੇ ਵੈਂਟੀਲੇਟਰਾਂ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਬੀ.ਈ.ਐੱਲ. ਕੰਪਨੀ ਆਪਣੇ ਮਾਹਿਰਾਂ ਰਾਹੀਂ ਇਨ੍ਹਾਂ ਨੁਕਸਾਂ ਨੂੰ ਤੁਰੰਤ ਦੂਰ ਕਰਨ ਦੀ ਪਾਬੰਦ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੱਤ ਸੂਬਿਆਂ ਨੂੰ ਕੋਰੋਨਾ ਦੌਰਾਨ ਜਿਹੜੇ ਵੈਂਟੀਲੇਟਰ ਭੇਜੇ ਗਏ ਸਨ, ਉਹ ਅਜੇ ਤੱਕ ਚੱਲ ਨਹੀਂ ਸਕੇ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੇ ਲਿਖ਼ਤੀ ਤੌਰ ’ਤੇ ਦਾਅਵਾ ਕੀਤਾ ਸੀ ਕਿ ਜਿਹੜੇ ਵੈਂਟੀਲੇਟਰ ਉਨ੍ਹਾਂ ਨੂੰ ਭੇਜੇ ਗਏ ਹਨ, ਉਹ ਮਾੜੀ ਕਿਸਮ ਦੇ ਹਨ।
ਇਹ ਵੀ ਪੜ੍ਹੋ: ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ