ਮੌਤ ਦੇ ਸਾਏ ਹੇਠ ਜ਼ਿੰਦਗੀ ਦੇ ਦਿਨ ਕੱਟਣ ਲਈ ਮਜਬੂਰ ਨੇ ਮਾਲੇਰਕੋਟਲਾ ਦੇ ਕਈ ਪਰਿਵਾਰ

03/30/2022 12:21:02 PM

ਮਾਲੇਰਕੋਟਲਾ (ਸ਼ਹਾਬੂਦੀਨ) : ਸਥਾਨਕ ਸ਼ਹਿਰ ਦੇ ਗੋਬਿੰਦ ਨਗਰ, ਗਰੀਨ ਐਵੇਨਿਊ, ਹਾਂਡਾ ਸਟਰੀਟ, ਗੁਰੂ ਤੇਗ ਬਹਾਦਰ ਸਟਰੀਟ, ਆਜ਼ਾਦ ਸਟਰੀਟ ਸਮੇਤ ਕਈ ਹੋਰ ਮੁਹੱਲਿਆਂ ਦੇ ਘਰਾਂ ਦੀਆਂ ਛੱਤਾਂ ’ਤੇ ਵਿਹੜਿਆਂ ਦੇ ਉੱਪਰੋਂ ਦੀ ਬਨੇਰਿਆਂ ਨਾਲ ਖਹਿ ਕੇ ਲੰਘਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਕਾਰਨ ਉਕਤ ਘਰਾਂ ਦੇ ਵਸਨੀਕ ਹਰ ਸਮੇਂ ਮੌਤ ਰੂਪੀ ਡਰ ਦੇ ਸਾਏ ਹੇਠ ਜ਼ਿੰਦਗੀ ਦੇ ਦਿਨ ਕੱਟ ਰਹੇ ਹਨ। ਇਨ੍ਹਾਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਸਬੰਧੀ ਸਮੇਂ-ਸਮੇਂ ਦੇ ਵਿਧਾਇਕਾਂ, ਮੰਤਰੀਆਂ ਅਤੇ ਉਚ ਪਾਵਰਕਾਮ ਅਧਿਕਾਰੀਆਂ ਸਮੇਤ ਹੋਰ ਸਰਕਾਰੇ-ਦਰਬਾਰੇ ਗੁਹਾਰਾਂ ਲਾ ਕੇ ਥੱਕ ਚੁੱਕੇ ਪ੍ਰਭਾਵਿਤ ਘਰਾਂ ਦੇ ਵਸਨੀਕਾਂ ਸਾਬਕਾ ਕੌਂਸਲ ਪ੍ਰਧਾਨ ਆਸ਼ਿਫ ਕੁਰੈਸ਼ੀ ਪ੍ਰਿੰਸ, ਭੀਮ ਸੈਨ, ਗੌਤਮ ਕੁਮਾਰ, ਸਾਧੂ ਰਾਮ ਨੇ ਦੱਸਿਆ ਕਿ ਇਨ੍ਹਾਂ ਤਾਰਾਂ ਨੂੰ ਹਟਾਉਣ ਲਈ ਅਸੀਂ ਮਾਲੇਰਕੋਟਲਾ ਤੋਂ ਲੈ ਕੇ ਪਟਿਆਲਾ-ਚੰਡੀਗੜ੍ਹ ਤੱਕ ਦੇ ਹਰੇਕ ਪਾਵਰਕਾਮ ਅਧਿਕਾਰੀ ਤੱਕ ਪਹੁੰਚ ਕਰ ਚੁੱਕੇ ਹਾਂ ਪਰ ਕਿਸੇ ਨੇ ਵੀ ਸਾਡੀ ਇਕ ਨਹੀਂ ਸੁਣੀ ਸਿਰਫ ਲਾਰੇ-ਲੱਪੇ ਹੀ ਪੱਲੇ ਪਾਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਤਾਰਾਂ ਦੀ ਲਪੇਟ ’ਚ ਆ ਕੇ ਕਈ ਵਾਰ ਹਾਦਸਾਗ੍ਰਸਤ ਹੋ ਚੁੱਕੇ ਨੇ ਲੋਕ

ਪ੍ਰਭਾਵਿਤ ਪਰਿਵਾਰਾਂ ਨੇ ਦੱਸਿਆ ਕਿ ਹਰ ਵਾਰ ਚੋਣਾਂ ਸਮੇਂ ਲੀਡਰ ਭਰੋਸੇ ਦੇ ਕੇ ਸਾਡੀਆਂ ਵੋਟਾਂ ਤਾਂ ਵਟੋਰ ਲੈਂਦੇ ਹਨ ਪਰ ਸਾਨੂੰ ਇਸ ਨਰਕ ਤੋਂ ਨਿਜ਼ਾਤ ਦਿਵਾਉਣ ਦਾ ਕਿਸੇ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰਾਂ ਦੇ ਮੈਂਬਰ ਜਿਥੇ ਕਈ ਵਾਰ ਇਨ੍ਹਾਂ ਤਾਰਾਂ ਦੀ ਲਪੇਟ ’ਚ ਆ ਕੇ ਹਾਦਸਾਗ੍ਰਸਤ ਹੋ ਚੁੱਕੇ ਹਨ ਉਥੇ ਸਾਨੂੰ ਆਪਣੇ ਛੋਟੇ-ਛੋਟੇ ਬੱਚਿਆਂ ਦਾ ਖੇਡਦੇ ਸਮੇਂ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਕੁਝ ਸਾਲ ਪਹਿਲਾਂ ਇਕ ਪਰਿਵਾਰ ਦੇ ਨੌਜਵਾਨ ਲੜਕੇ ਦੀ ਛੱਤ ’ਤੇ ਟਹਿਲਦੇ ਸਮੇਂ ਇਨ੍ਹਾਂ ਤਾਰਾਂ ਦੀ ਲਪੇਟ ’ਚ ਆ ਜਾਣ ਨਾਲ ਮੌਤ ਵੀ ਹੋ ਗਈ ਸੀ ਪਰ ਸਬੰਧਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਫਿਰ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਇਨ੍ਹਾਂ ਹਾਈ ਵੋਲਟੇਜ ਤਾਰਾਂ ਕਾਰਨ ਪ੍ਰਭਾਵਿਤ ਘਰਾਂ ਦਾ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਜਿਥੇ ਇਹ ਤਾਰਾਂ ਕਈ ਘਰਾਂ ਦੀਆਂ ਛੱਤਾਂ ਨੂੰ ਛੂੰਹਦੀਆਂ ਹੋਈਆਂ ਲੰਘ ਰਹੀਆਂ ਸਨ, ਉਥੇ ਕੁਝ ਘਰ ਅਜਿਹੇ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਉਪਰੋਂ ਦੀ ਲੰਘਦੀਆਂ ਇਨ੍ਹਾਂ ਤਾਰਾਂ ਦੇ ਖੰਭੇ ਅੱਗੋਂ ਉਕਤ ਘਰਾਂ ਦੇ ਵਿਹੜਿਆਂ ’ਚ ਬਿਲਕੁਲ ਵਿਚਕਾਰ ਲੱਗੇ ਹੋਣ ਕਾਰਨ ਹਰ ਸਮੇਂ ਮੌਤ ਉਨ੍ਹਾਂ ਪਰਿਵਾਰਾਂ ਦੇ ਸਿਰ ’ਤੇ ਤਾਂਡਵ ਕਰਦੀ ਹੋਈ ਦਿਖਾਈ ਦਿੰਦੀ ਹੈ, ਕਿਉਂਕਿ ਇਨ੍ਹਾਂ ਲੋਹੇ ਦੇ ਖੰਭਿਆਂ ’ਚ ਕਿਸੇ ਵੇਲੇ ਵੀ ਕਰੰਟ ਆਉਣ ਦਾ ਡਰ ਬਣਿਆ ਰਹਿੰਦਾ ਹੈ।              

ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'         

ਘਰਾਂ ਉੱਪਰੋਂ ਦੀ ਲੰਘਦੀਆਂ ਤਾਰਾਂ ਹਟਾਉਣ ਦਾ ਕੰਮ ਚੱਲ ਰਿਹਾ : ਐਕਸੀਅਨ ਪਾਵਰਕਾਮ

ਉਪਰੋਕਤ ਮਾਮਲੇ ਸਬੰਧੀ ਪਾਵਰਕਾਮ ਵਿਭਾਗ ਦੇ ਮਾਲੇਰਕੋਟਲਾ ਐਕਸੀਅਨ ਆਮਿਰ ਅਸ਼ਰਫ ਨੇ ਕਿਹਾ ਕਿ ਇਹ ਬਿਜਲੀ ਦੀਆਂ ਤਾਰਾਂ ਬਹੁਤ ਸਮਾਂ ਪਹਿਲਾਂ ਦੀਆਂ ਪਈਆਂ ਹੋਈਆਂ ਹਨ, ਜਦਕਿ ਘਰਾਂ ਦੀ ਉਸਾਰੀ ਬਾਅਦ ’ਚ ਹੋਈ ਹੈ। ਉਕਤ ਮਕਾਨ ਮਾਲਕਾਂ ਨੇ ਇਨ੍ਹਾਂ ਹਾਈ ਵੋਲਟੇਜ ਤਾਰਾਂ ਦੇ ਹੇਠਾਂ ਆਪਣੇ ਘਰਾਂ ਦੀ ਉਸਾਰੀ ਕਰਨ ਮੌਕੇ ਬਿਲਕੁਲ ਨਹੀਂ ਸੋਚਿਆ, ਇਥੋਂ ਤੱਕ ਕਿ ਬਹੁਤੇ ਲੋਕਾਂ ਵੱਲੋਂ ਤਾਂ ਆਪਣੇ ਮਕਾਨਾਂ ਦੇ ਨਕਸ਼ੇ ਤੱਕ ਵੀ ਨਾ ਬਣਾਉਣ ਬਾਰੇ ਜਾਣਕਾਰੀ ਹੈ। ਐਕਸੀਅਨ ਸਾਹਿਬ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰੀ ਖੇਤਰ ਦੇ ਘਰਾਂ ਉੱਪਰੋਂ ਇਨ੍ਹਾਂ ਤਾਰਾਂ ਨੂੰ ਹਟਾਉਣ ਲਈ ਪਿਛਲੇ ਸਮੇਂ ਦੌਰਾਨ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ 25 ਐਸਟੀਮੇਟ ਬਣਾਏ ਗਏ ਸਨ। ਮੁਹੱਲਾ ਭੁਮਸੀ, ਇਸਲਾਮੀਆਂ ਸਕੂਲ ਦੀ ਬ੍ਰਾਂਚ ਨੰਬਰ-3 ਸਮੇਤ ਸਾਹਿਬਜ਼ਾਦਾ ਸਕੂਲ ਅਤੇ ਕੁਝ ਹੋਰ ਖੇਤਰਾਂ ਦੀਆਂ ਬਿਲਡਿੰਗਾਂ ਉੱਪਰੋਂ ਲੰਘਦੀਆਂ ਤਾਰਾਂ ਨੂੰ ਹਟਾ ਕੇ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਗੇਟ ਨੇੜਲੇ ਖੇਤਰ ਦਾ ਵੀ ਜਿਥੇ ਅੱਧਾ ਕੰਮ ਹੋ ਚੁੱਕਿਆ ਹੈ ਉਥੇ ਬਾਕੀ ਮੁਹੱਲਿਆਂ ਦੇ ਰਹਿੰਦੇ ਕੰਮ ਨੂੰ ਵੀ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ। ਐਕਸੀਅਨ ਸਾਹਿਬ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਕਾਰਨ ਫਿਰ ਚੋਣ-ਜ਼ਾਬਤਾ ਲੱਗਣ ਕਾਰਨ ਇਹ ਕੰਮ ਵਿਚਕਾਰ ਹੀ ਰੁਕ ਗਿਆ ਸੀ। ਜਿਸਨੂੰ ਹੁਣ ਜਲਦੀ ਹੀ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News