ਐਕਸਾਈਜ਼ ਵਿਭਾਗ ਵਲੋਂ ਹਰਿਆਣਾ ਤੋਂ ਲਿਆਂਦੀ ਜਾ ਰਹੀ 1025 ਪੇਟੀਆਂ ਅੰਗ੍ਰੇਜ਼ੀ ਸ਼ਰਾਬ ਬਰਾਮਦ
Monday, Apr 26, 2021 - 01:06 AM (IST)
ਲੁਧਿਆਣਾ, (ਸੇਠੀ)- ਐਕਸਾਈਜ਼ ਵਿਭਾਗ ਵੱਲੋਂ ਹੁਣ ਤੱਕ ਦੀ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਤੋਂ ਆ ਰਹੀ 1025 ਪੇਟੀਆਂ ਅੰਗ੍ਰੇਜ਼ੀ ਸ਼ਰਾਬ ਦੀਆਂ ਫੜੀਆਂ ਹਨ। ਇਹ ਕਾਰਵਾਈ ਐਕਸਾਈਜ਼ ਵਿਭਾਗ ਵੱਲੋ ਆਪਰੇਸ਼ਨ ਰੈੱਡ ਰੋਜ਼ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ’ਤੇ ਰੋਕ ਲਗਾਉਣ ਲਈ ਡੀ. ਸੀ. ਐਕਸਾਈਜ਼ ਪਟਿਆਲਾ ਰੇਂਜ ਰਾਜਪਾਲ ਸਿੰਘ ਖਹਿਰਾ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ ਰਾਜੇਸ਼ ਐਰੀ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਜਿਸ ਵਿਚ ਲੀਡਿੰਗ ਐਕਸਾਈਜ਼ ਅਫਸਰ ਵੈਸਟ-ਏ ਅਮਿਤ ਗੋਇਲ, ਐਕਸਾਈਜ਼ ਅਫਸਰ ਵੈਸਟ-ਬੀ ਦੀਵਾਨ ਚੰਦ, ਐਕਸਾਈਜ਼ ਇੰਸਪੈਕਟਰ ਇੰਦਰਪਾਲ ਸਿੰਘ ਅਤੇ ਆਬਕਾਰੀ ਪੁਲਸ ਅਧਿਕਾਰੀ ਵੀ ਸ਼ਾਮਲ ਰਹੇ। ਜ਼ਿਕਰਯੋਗ ਹੈ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਗੱਡੀ ’ਚ ਵੱਡੀ ਮਾਤਰਾ ’ਚ ਸ਼ਰਾਬ ਸਪਲਾਈ ਲਈ ਲੈ ਕੇ ਰਹੇ ਹਨ। ਨਾਕਾਬੰਦੀ ਦੌਰਾਨ ਦੌਰਾਨ ਗਿੱਲ ਚੌਕ ਦਾਣਾ ਮੰਡੀ ਕੋਲ ਐਕਸਾਈਜ਼ ਵਿਭਾਗ ਅਤੇ ਐਂਟੀ ਸਮੱਗਲਿੰਗ ਲਿਕਰ ਸੈੱਲ ਨੇ ਇਕ ਟਾਟਾ ਐੱਲ. ਪੀ. ਟੀ.-2518 ਟੀ. ਸੀ. ਟਰੱਕ ਨੰਬਰ ਐੱਚ. ਆਰ. 38 ਟੀ 4611 ਵਿਚੋਂ 1025 ਅੰਗ੍ਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ ’ਤੇ ਸੇਲ ਫਾਰ ਹਰਿਆਣਾ ਓਨਲੀ ਦਾ ਲੇਬਲ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ- ਸਿੱਖ ਪੰਥ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਗੋਲਡ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ : ਜਥੇ. ਦਾਦੂਵਾਲ
ਐਕਸਾਈਜ਼ ਅਧਿਕਾਰੀਆਂ ਨੇ ਦਿੰਦਿਆਂ ਕਿ ਫੜੀ ਗਈ ਸ਼ਰਾਬ ’ਚ (ਇੰਡੀਅਨ ਮੇਡ ਫਾਰੇਨ ਲਿਕਰ) ਮੈਕਡਾਵਲ ਨੰ. 1 ਵਿਸਕੀ ਅਤੇ ਰਾਇਲ ਚੈਲੇਂਜ ਵਿਸਕੀ ਕੁੱਲ 1025 ਪੇਟੀਆਂ ਸ਼ਾਮਲ ਹਨ, ਜਿਸ ਨੂੰ ਵਿਭਾਗ ਨੇ ਕਬਜ਼ੇ ਵਿਚ ਲਿਆ ਪਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਡਰਾਈਵਰ ਦਾ ਮੋਬਾਇਲ ਅਤੇ ਫਰਜ਼ੀ ਦਸਤਾਵੇਜ਼ ਵੀ ਮਿਲੇ ਹਨ। ਜਾਂਚ ਅਧਿਕਾਰੀਆਂ ਵੱਲੋਂ ਡਵੀਜ਼ਨ ਨੰ. 6 ਵਿਚ ਅਣਪਛਾਤੇ ਵਿਅਕਤੀ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਸਬੰਧ ’ਚ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਤੋਂ ਸ਼ਰਾਬ ਸਮੱਗਲਿੰਗ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਸਾਨੂੰ ਦਿੱਲੀ ’ਚ 26 ਜਨਵਰੀ ਤੋਂ ਪਹਿਲਾਂ ਵਾਲੇ ਹਾਲਾਤ ਬਣਾਉਣੇ ਪੈਣਗੇ : ਲੱਖਾ ਸਿਧਾਣਾ
ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾਵੇਗੀ
ਐਕਸਾਈਜ਼ ਅਧਿਕਾਰੀਆਂ ਤੋਂ ਉਪਰੋਕਤ ਮਾਮਲੇ ਦੇ ਸਬੰਧ ’ਚ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਅਾਪਰੇਸ਼ਨ ਰੈੱਡ ਰੋਜ਼ ਦੇ ਸ਼ੁਰੂ ਹੋਣ ਤੋਂ ਬਾਅਦ ਇਹ ਹੁਣ ਤੱਕ ਦੀ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਇਹ ਸ਼ਰਾਬ ਦਾ ਜ਼ਖੀਰਾ ਮਹਾਨਗਰ ਦੇ ਕਿਸ ਡੀਲਰ ਤੱਕ ਪਹੁੰਚਾਇਆ ਜਾਣਾ ਸੀ।