ਕਰਫਿਊ ਡਿਊਟੀ ਦੌਰਾਨ ਏ. ਐੱਸ. ਆਈ. ਨੂੰ ਪਿਆ ਦਿਲ ਦਾ ਦੌਰਾ, ਮੌਤ

03/28/2020 8:10:03 PM

ਸਮਾਣਾ, (ਦਰਦ)- ਸਦਰ ਥਾਣਾ ਸਮਾਣਾ ਵਿਖੇ ਤਾਇਨਾਤ ਏ. ਐੱਸ. ਆਈ. ਮੀਆਂ ਸਿੰਘ ਦੀ ਕਰਫਿਊ ਦੌਰਾਨ ਗਸ਼ਤ ਕਰਦਿਆਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੇਹ ਦੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਪਹੁੰਚੇ ਸਦਰ ਥਾਣਾ ਪੁਲਸ ਦੇ ਮੁਖੀ ਰਣਬੀਰ ਸਿੰਘ ਅਤੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਏ. ਐੱਸ. ਆਈ. ਮੀਆਂ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਚੋਂਹਠ ਦੀ ਦਾਣਾ ਮੰਡੀ ਨੇਡ਼ੇ ਗਸ਼ਤ ਕਰ ਰਹੇ ਸਨ ਕਿ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਸਾਥੀ ਪੁਲਸ ਪਾਰਟੀ ਵੱਲੋਂ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਗੰਭੀਰ ਹਾਲਤ ਵਿਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਧਿਕਾਰੀ ਦਾ ਅੱਜ ਸਮਾਣਾ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਡੀ. ਐੱਸ. ਪੀ. ਜਸਵੰਤ ਸਿੰਘ ਮਾਂਗਟ, ਇੰਸ. ਰਣਬੀਰ ਸਿੰਘ, ਥਾਣਾ ਸਿਟੀ ਮੁਖੀ ਜਸਪ੍ਰੀਤ ਸਿੰਘ, ਸੀ. ਆਈ. ਏ. ਸਟਾਫ ਮੁਖੀ ਕਰਨੈਲ ਸਿੰਘ, ਸਬ-ਇੰਸਪੈਕਟਰ ਅਵਤਾਰ ਸਿੰਘ ਸਿੱਧੂ ਸਣੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਫੁੱਲ-ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਪੁਲਸ ਮੁਲਾਜ਼ਮਾਂ ਨੇ ਹਥਿਆਰ ਉਲਟੇ ਕਰ ਕੇ ਉਨ੍ਹਾਂ ਨੂੰ ਸਲਾਮੀ ਦਿੱਤੀ।


Bharat Thapa

Content Editor

Related News