ਐੱਸ. ਟੀ. ਐੱਫ. ਵਲੋਂ 250 ਗ੍ਰਾਮ ਅਫੀਮ ਸਮੇਤ ਕਾਬੂ

12/14/2018 4:51:02 AM

ਮੋਹਾਲੀ, (ਕੁਲਦੀਪ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਪੈਦਲ ਚੱਲ ਰਹੇ ਵਿਅਕਤੀ ਨੂੰ ਭਾਰੀ ਮਾਤਰਾ ਵਿਚ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਕੁਲਵੰਤ ਸਿੰਘ ਉਰਫ ਜੱਸੀ ਦੱਸਿਆ ਜਾਂਦਾ ਹੈ, ਜੋ ਕਿ ਜ਼ਿਲਾ ਮੋਹਾਲੀ ਦੇ ਪੁਲਸ ਸਟੇਸ਼ਨ ਲਾਲਡ਼ੂ ਅਧੀਨ ਆਉਂਦੇ ਪਿੰਡ ਬੈਰਮਾਜਰਾ ਦਾ ਰਹਿਣ ਵਾਲਾ ਹੈ ਤੇ ਇਧਰ ਮੁੰਡੀ ਖਰਡ਼ ਸਥਿਤ ਕਿਸੇ ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਉਹ ਚੰਡੀਗਡ਼੍ਹ ਵਿਚ ਕਿਸੇ ਦੀ ਪ੍ਰਾਈਵੇਟ ਗੱਡੀ ਦਾ ਡਰਾਈਵਰ ਹੈ। ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਵੰਤ ਸਿੰਘ ਉਰਫ ਜੱਸੀ ਨਾਂ ਦਾ ਇਕ ਵਿਅਕਤੀ ਅਫੀਮ ਦੀ ਸਪਲਾਈ ਕਰਦਾ ਹੈ, ਜੋ ਕਿ ਖਰਡ਼ ਤੋਂ ਮੋਹਾਲੀ ਵੱਲ ਆਪਣੇ ਪੱਕੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਲਈ ਆ ਰਿਹਾ ਹੈ। ਏ. ਐੱਸ. ਆਈ. ਅਵਤਾਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਬਲੌਂਗੀ ਸਥਿਤ ਪੁਰਾਣਾ ਸੇਲ ਟੈਕਸ ਬੈਰੀਅਰ ਦੇ ਨਜ਼ਦੀਕ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ । ਇਸ ਦੌਰਾਨ ਇਕ ਪੈਦਲ ਆ ਰਿਹਾ ਵਿਅਕਤੀ ਪੁਲਸ ਨੂੰ ਵੇਖ ਕੇ ਘਬਰਾ ਗਿਆ। ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿਚੋਂ 250 ਗ੍ਰਾਮ ਅਫੀਮ ਬਰਾਮਦ ਹੋਈ। ਐੱਸ. ਟੀ. ਐੱਫ. ਦੇ ਪੁਲਸ ਸਟੇਸ਼ਨ ਵਿਚ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ।  
 ਸੋਹਾਣਾ ਥਾਣੇ ਦੇ ਕੇਸ ’ਚ ਹੋਈ ਸੀ ਸਜ਼ਾ 
ਮੁਲਜ਼ਮ ਕੁਲਵੰਤ ਸਿੰਘ ਜੱਸੀ ਨੇ ਪੁੱਛਗਿਛ ਵਿਚ ਦੱਸਿਆ ਕਿ 2014 ਵਿਚ ਵੀ ਉਸ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਖਿਲਾਫ ਪੁਲਸ ਸਟੇਸ਼ਨ ਸੋਹਾਣਾ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਵਿਚ ਅਦਾਲਤ ਨੇ ਉਸ ਨੂੰ 6 ਮਹੀਨੇ ਦੀ ਸਜ਼ਾ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਸੀ। 
 ਲਾਲਡ਼ੂ ਥਾਣੇ ’ਚ ਵੀ ਕੇਸ ਦਰਜ  
ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਵੰਤ ਸਿੰਘ ਜੱਸੀ ਖਿਲਾਫ ਪੁਲਸ ਸਟੇਸ਼ਨ ਲਾਲਡ਼ੂ ਵਿਚ ਵੀ ਇਸ ਸਾਲ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਵਿਚ ਉਹ ਜ਼ਮਾਨਤ ’ਤੇ ਚੱਲ ਰਿਹਾ ਹੈ। 
 ਇਸਲਾਮਾਬਾਦ ਤੋਂ ਲੈ ਕੇ ਆਉਂਦਾ ਸੀ ਅਫੀਮ : ਫਡ਼ੇ ਗਏ ਮੁਲਜ਼ਮ ਕੁਲਵੰਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਹਰਿਆਣੇ ਦੇ ਸ਼ਹਿਰ ਇਸਲਾਮਾਬਾਦ ਤੋਂ ਅਫੀਮ ਲੈ ਕੇ ਆਉਂਦਾ ਸੀ ਤੇ ਇਧਰ ਆਪਣੇ ਪੱਕੇ ਗਾਹਕਾਂ ਨੂੰ ਮੋਟਾ ਮੁਨਾਫਾ ਕਮਾ ਕੇ ਵੇਚ ਦਿੰਦਾ ਸੀ। ਉਹ ਖੁਦ ਵੀ ਨਸ਼ੇ ਕਰਨ ਦਾ ਆਦੀ ਹੈ। 
 


KamalJeet Singh

Content Editor

Related News