ਨੇਤਾ ਅਤੇ ਪੁਲਸ ਦੀ ਮਿਲੀਭੁਗਤ ਨਾਲ ਹੋ ਰਹੀ ਨਸ਼ਾ ਤਸਕਰੀ: ਚੰਦੂਮਾਜਰਾ (ਵੀਡੀਓ)

10/30/2019 4:24:26 PM

ਪਟਿਆਲਾ (ਬਖਸ਼ੀ, ਬਲਜਿੰਦਰ)—ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਟਿਆਲਾ ਦੀ ਏ. ਐੱਸ. ਆਈ. ਦੇ ਹੈਰੋਇਨ ਸਮੇਤ ਗ੍ਰਿਫਤਾਰ ਹੋਣ ਕਾਰਣ ਪੰਜਾਬ ਸਰਕਾਰ ਦੀ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਗਏ ਦਾਅਵਿਆਂ ਦੀ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਉਹ ਗੁਰਦੁਆਰਾ ਸਾਹਿਬ ਨੌਵੀਂ ਪਾਤਿਸ਼ਾਹੀ ਬਹਾਦਰਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿਚ ਲੈ ਕੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਝੂਠੀ ਸਹੁੰ ਖਾਧੀ ਸੀ ਅਤੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦੀ ਮਹਿਲਾ ਏ. ਐੱਸ. ਆਈ. ਹੈਰੋਇਨ ਸਮੇਤ ਗ੍ਰਿਫਤਾਰ ਹੋ ਰਹੀ ਹੈ। ਇਸ ਤੋਂ ਪਹਿਲਾਂ ਪਟਿਆਲਾ ਪੁਲਸ ਦੇ ਇਕ ਦਰਜਨ ਮੁਲਾਜ਼ਮ ਨਸ਼ਿਆਂ ਦੀ ਸਮੱਗਲਿੰਗ ਵਿਚ ਸ਼ਾਮਲ ਹੋਣ ਕਾਰਨ ਸਸਪੈਂਡ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੀ ਇਸ ਤਰ੍ਹਾਂ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਨਸ਼ਾ ਸਮੱਗਲਿੰਗ ਸਿਆਸੀ ਪੁਸ਼ਤ ਪਨਾਹੀ ਤੋਂ ਬਿਨਾਂ ਨਹੀਂ ਹੋ ਸਕਦੀ। ਪ੍ਰੋ. ਚੰਦੁਮਾਜਰਾ ਨੇ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਕੀਤੀ ਗਈ ਤਾਂ ਅਕਾਲੀ ਦਲ ਇਸ ਮਾਮਲੇ ਵਿਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ।

ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੂੰ ਸੱਚ ਦੱਸਣਾ ਪਏਗਾ। ਇਹ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਮਹਿਲਾ ਅਧਿਕਾਰੀ ਨੂੰ ਥਾਣੇ ਵਿਚ ਕਿਸ ਨੇ ਨਿਯੁਕਤ ਕਰਵਾਇਆ। ਉਨ੍ਹਾਂ ਸਪੱਸ਼ਟ ਕਿਹਾ ਕਿ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਕੋਈ ਪੁਲਸ ਮੁਲਾਜ਼ਮ ਨਸ਼ਿਆ ਦੇ ਵਪਾਰ ਦੀ ਜੁਰਅੱਤ ਨਹੀਂ ਕਰ ਸਕਦਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲਾਂ ਵਿਚ ਬੰਦ ਪੁਲਸ ਅਧਿਕਾਰੀਆਂ ਦੀ ਰਿਹਾਈ ਦੀ ਵੀ ਅਲੋਚਨਾ ਕੀਤੀ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਸਿਹਰਾ ਕਿਸੇ ਇਕ ਵਿਅਕਤੀ ਜਾਂ ਪਾਰਟੀ ਨੂੰ ਨਹੀਂ ਦਿੱਤਾ ਜਾ ਸਕਦਾ ਸਗੋਂ ਇਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਕਰ ਕੇ ਖੁੱਲ੍ਹਿਆ ਹੈ। ਇਸ ਮੁੱਦੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ।ਇਸ ਮੌਕੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਜੀਤ ਸਿੰਘ ਕੋਹਲੀ, ਗੁਰਦੀਪ ਸਿੰਘ ਸ਼ੇਖੂਪੁਰ, ਕੁਲਦੀਪ ਸਿੰਘ ਹਰਪਾਲਪੁਰ ਆਦਿ ਹਾਜ਼ਰ ਸਨ।


Shyna

Content Editor

Related News